ਪਾਕਿਸਤਾਨ ਦੀ ਇੱਕ ਅਦਾਕਾਰਾ ਸੇਹਰ ਸ਼ਿਨਵਾੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਮਲਾ ਦਰਜ ਕਰਵਾਉਣਾ ਚਾਹੁੰਦੀ ਹੈ। ਉਹ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ‘ਤੇ ਵੀ ਮੁਕੱਦਮਾ ਕਰਨਾ ਚਾਹੁੰਦੀ ਹੈ। ਸੇਹਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਵਿੱਚ ਅਰਾਜਕਤਾ ਲਈ ਮੋਦੀ ਅਤੇ ਰਾਅ ਜ਼ਿੰਮੇਵਾਰ ਹਨ। ਸੇਹਰ ਨੇ ਸੋਸ਼ਲ ਮੀਡੀਆ ‘ਤੇ ਇਹ ਗੱਲਾਂ ਲਿਖੀਆਂ ਤਾਂ ਦਿੱਲੀ ਪੁਲਿਸ ਨੇ ਦਿਲਚਸਪ ਜਵਾਬ ਦਿੱਤਾ।
ਸ਼ਿਨਵਾੜੀ ਦਾ ਇਹ ਟਵੀਟ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਆਇਆ ਹੈ। ਇਮਰਾਨ ਖਾਨ ਨੂੰ ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਉਥੇ ਹਾਲਾਤ ਵਿਗੜ ਗਏ ਹਨ। ਦੇਸ਼ ਭਰ ਵਿੱਚ ਅੱਗਜ਼ਨੀ ਅਤੇ ਹਿੰਸਾ ਹੋ ਰਹੀ ਹੈ। ਸ਼ਿਨਵਾੜੀ ਭਾਰਤ ਨੂੰ ਇਸ ਲਈ ਜ਼ਿੰਮੇਵਾਰ ਮੰਨਦੀ ਹੈ ਅਤੇ ਉਸ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਇੱਛਾ ਪ੍ਰਗਟਾਈ ਸੀ।
ਪਾਕਿਸਤਾਨੀ ਅਦਾਕਾਰਾ ਨੇ ਲਿਖਿਆ, ‘ਕੀ ਕਿਸੇ ਨੂੰ ਦਿੱਲੀ ਪੁਲਿਸ ਦਾ ਆਨਲਾਈਨ ਲਿੰਕ ਪਤਾ ਹੈ? ਮੈਂ ਭਾਰਤੀ ਪ੍ਰਧਾਨ ਮੰਤਰੀ ਅਤੇ ਭਾਰਤੀ ਖੁਫੀਆ ਏਜੰਸੀ ਰਾਅ ਦੇ ਖਿਲਾਫ ਸ਼ਿਕਾਇਤ ਦਰਜ ਕਰਨੀ ਹੈ ਜੋ ਸਾਡੇ ਦੇਸ਼ ਪਾਕਿਸਤਾਨ ਵਿੱਚ ਅੱਤਵਾਦ ਅਤੇ ਅਰਾਜਕਤਾ ਫੈਲਾ ਰਹੇ ਹਨ। ਜੇ ਭਾਰਤੀ ਅਦਾਲਤਾਂ ਸੁਤੰਤਰ ਹਨ (ਜਿਵੇਂ ਕਿ ਉਹ ਦਾਅਵਾ ਕਰਦੇ ਹਨ) ਤਾਂ ਮੈਨੂੰ ਯਕੀਨ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਮੈਨੂੰ ਨਿਆਂ ਦੇਵੇਗੀ।
ਇਹ ਵੀ ਪੜ੍ਹੋ : PAK : ਇਮਰਾਨ ਦੀ ਗ੍ਰਿਫਤਾਰੀ ਮਗਰੋਂ ਭੜਕੀ ਹਿੰਸਾ, ਇੰਟਰਨੈੱਟ ਬੰਦ, ਅਗਜ਼ਨੀ, ਫੌਜ-ਸਮਰਥਕਾਂ ‘ਚ ਝੜਪ, 6 ਮੌਤਾਂ
ਸ਼ਿਨਵਾੜੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਦਿੱਲੀ ਪੁਲਿਸ ਨੇ ਮਿਹਣਾ ਮਾਰਿਆ ਅਤੇ ਅਜਿਹਾ ਜਵਾਬ ਦਿੱਤਾ ਜੋ ਵਾਇਰਲ ਹੋ ਗਿਆ। ਪੁਲਿਸ ਨੇ ਟਵੀਟ ਕੀਤਾ, ‘ਸਾਡੇ ਕੋਲ ਫਿਲਹਾਲ ਪਾਕਿਸਤਾਨ ਵਿਚ ਅਧਿਕਾਰ ਖੇਤਰ ਨਹੀਂ ਹੈ। ਪਰ ਇਹ ਜਾਣਨਾ ਚਾਹਾਂਗੇ ਕਿ ਤੁਹਾਡੇ ਦੇਸ਼ ਵਿੱਚ ਇੰਟਰਨੈੱਟ ਬੰਦ ਹੋਣ ‘ਤੇ ਤੁਸੀਂ ਕਿਵੇਂ ਟਵੀਟ ਕਰ ਰਹੇ ਹੋ।
ਪਾਕਿਸਤਾਨ ਦੇ ਦੂਰਸੰਚਾਰ ਵਿਭਾਗ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਮੋਬਾਈਲ ਡਾਟਾ ਸੇਵਾਵਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ, ਜਦੋਂ ਕਿ ਗਲੋਬਲ ਇੰਟਰਨੈਟ ਮਾਨੀਟਰ ਨੈੱਟਬਲਾਕ ਨੇ ਕਿਹਾ ਕਿ ਟਵਿੱਟਰ, ਫੇਸਬੁੱਕ ਅਤੇ ਯੂਟਿਊਬ ਤੱਕ ਪਹੁੰਚ ਨੂੰ ਬਲੌਕ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਮਗਰੋਂ ਪਾਕਿਸਤਾਨ ਵਿੱਚ ਹਿੰਸਾ ਭੜਕ ਚੁੱਕੀ ਹੈ। ਉਨ੍ਹਾਂ ਦੇ ਸਮਰਥਕਾਂ ਤੇ ਫੌਜ ਵਿਚਾਲੇ ਝੜਪ ਦੇ ਮਾਮਲੇ ਸਾਹਮਣੇ ਆਏ ਹਨ। ਲਾਹੌਰ ਵਿੱਚ ਗਵਰਨਰ ਹਾਊਸ ਸਣੇ ਕਈ ਥਾਵਾਂ ‘ਤੇ ਅੱਗ ਵੀ ਲਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: