ਲੁਧਿਆਣਾ ਵਿਚ ਵਿਜੀਲੈਂਸ ਨੇ ਸਾਹਨੇਵਾਲ ਤਹਿਸੀਲ ਵਿਚ ਤਾਇਨਾਤ ਪਟਵਾਰੀ ਅਮਨਪ੍ਰੀਤ ਸਿੰਘ ਤੇ ਉਸ ਦੇ ਨਿੱਜੀ ਸਹਿਯੋਗੀ ਇੰਦਰਜੀਤ ਸਿੰਘ ਖਿਲਾਫ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਹੈ। ਟੀਮ ਨੇ ਮੁਲਜ਼ਮ ਇੰਦਰਜੀਤ ਨੂੰ 7 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਦੋਂ ਕਿ ਪਟਵਾਰੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਫਰਾਰ ਹੋ ਗਿਆ।
SSP ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਨੰਦਪੁਰ ਦੇ ਸਰਬਜੀਤ ਭਾਟੀਆ ਦੀ ਸ਼ਿਕਾਇਤ ‘ਤੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਪਟਵਾਰੀ ਤੇ ਉਸ ਦੇ ਨਿੱਜੀ ਸਹਿਯੋਗੀ ਨੇ 20 ਹਜ਼ਾਰ ਰੁਪਏ ਮੰਗੇ ਹਨ।
ਸ਼ਿਕਾਇਤਕਰਤਾ ਨੇ ਆਪਣੀ ਕਾਲੋਨੀ ਨਾਲ ਸਬੰਧਤ ਰਿਪੋਰਟ ਜਾਰੀ ਕਰਵਾ ਕੇ ਵਿਭਾਗ ਤੋਂ NOC ਹਾਸਲ ਕਰਨੀ ਸੀ। ਸੌਦਾ 12 ਹਜ਼ਾਰ ਵਿਚ ਤੈਅ ਹੋਇਆ। ਉਹ ਪਹਿਲਾਂ ਹੀ ਮੁਲਜ਼ਮ ਨੂੰ 5 ਹਜ਼ਾਰ ਰੁਪਏ ਦੇ ਚੁੱਕਾ ਸੀ ਤੇ ਬਾਕੀ ਰਕਮ ਦੀ ਮੰਗ ਮੁਲਜ਼ਮ ਕਰ ਰਿਹਾ ਸੀ. ਸ਼ਿਕਾਇਤ ‘ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਤੇ ਪਟਵਾਰੀ ਦੇ ਮੁਲਜ਼ਮ ਸਹਿਯੋਗੀ ਇੰਦਰਜੀਤ ਸਿੰਘ ਨੂੰ ਮੌਕੇ ‘ਤੇ ਹੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਤੇ ਪਤਨੀ ‘ਤੇ ਕੇਸ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਤੇ ਹੋਈ ਕਾਰਵਾਈ
ਮੁਲਜ਼ਮ ਪਟਵਾਰੀ ਫਰਾਰ ਹੋ ਗਿਆ। ਐੱਸਐੱਸਪੀ ਸੰਧੂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਨਿਯਮ ਦੀ ਧਾਰਾ 7 ਤੇ 7ਏ ਤੇ ਆਈਪੀਸੀ ਦੀ ਧਾਰਾ 120 ਬੀ ਤਹਿਤ ਵਿਜੀਲੈਂਸ ਥਾਣਾ ਲੁਧਿਆਣਾ ਰੇਂਜ ਵਿਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: