ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇਕ ਚਪੜਾਸੀ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸੇ ਕੇਸ ਸਹਿ ਮੁਲਜ਼ਮ ਵਿਜੈਪਾਲ ਸਿੰਘ, ਐਸ.ਡੀ.ਓ. ਪੁੱਡਾ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਡੀ.ਓ. ਪੁੱਡਾ ਦੇ ਚਪੜਾਸੀ ਅੰਮ੍ਰਿਤਦੀਪ ਸਿੰਘ ਨੂੰ ਸੋਰਭ ਭਾਟੀਆ ਵਾਸੀ ਸੁਸ਼ਾਂਤ ਲੋਕ, ਗੁਰੂਗ੍ਰਾਮ, ਹਰਿਆਣਾ ਦੀ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਿੱਤੀ, ਜਿਸ ਵਿੱਚ ਦੋਸ਼ ਲਾਇਆ ਸੀ ਕਿ ਨਿਊ ਪਾਲ ਐਵੀਨਿਊ, ਅੰਮ੍ਰਿਤਸਰ ਸਥਿਤ ਉਸ ਦੇ ਇੱਕ ਪਲਾਟ ਨੂੰ ਵੇਚਣ ਸਬੰਧੀ ਕੋਈ ਇਤਰਾਜ਼ ਨਹੀਂ (ਐਨ.ਓ.ਸੀ.) ਜਾਰੀ ਕਰਨ ਬਦਲੇ ਉਕਤ ਐਸ.ਡੀ.ਓ. ਉਸ ਕੋਲੋਂ 12,000 ਰੁਪਏ ਰਿਸ਼ਵਤ ਮੰਗ ਰਿਹਾ ਹੈ।
ਸ਼ਿਕਾਇਤ ਵਿਚਲੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਦਫਤਰ ਦੇ ਬਾਹਰ ਸੇਵਾਦਾਰ ਅੰਮ੍ਰਿਤਦੀਪ ਸਿੰਘ ਨੂੰ ਉਕਤ ਮੁੱਦਈ ਪਾਸੋਂ ਉਸ ਦਾ ਕੰਮ ਕਰਾਉਣ ਬਦਲੇ 12,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਉਕਤ ਐਸ.ਡੀ.ਓ. ਮੌਕੇ ’ਤੇ ਮੌਜੂਦ ਨਹੀਂ ਸੀ, ਜਿਸ ਕਰਕੇ ਉਹ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜਿਸ ਦੀ ਗ੍ਰਿਫਤਾਰੀ ਵਾਸਤੇ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: