ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਵਿੰਨ੍ਹ ਰਹੇ ਹਨ। ਹੁਣ ਆਪਣੇ ਤਾਜ਼ਾ ਬਿਆਨ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਕਰਨਾਟਕ ‘ਚ ਭਾਜਪਾ ਨੂੰ ਹਰਾਇਆ ਹੈ, ਉਸੇ ਤਰ੍ਹਾਂ ਤੇਲੰਗਾਨਾ ਅਤੇ ਹੋਰ ਸੂਬਿਆਂ ‘ਚ ਵੀ ਕਾਂਗਰਸ ਭਾਜਪਾ ਨੂੰ ਹਰਾਏਗੀ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਨਹੀਂ ਦੇਸ਼ ਦੇ ਲੋਕ ਭਾਜਪਾ ਦੀ ਨਫਰਤ ਭਰੀ ਵਿਚਾਰਧਾਰਾ ਨੂੰ ਹਰਾਉਣਗੇ।
ਵਾਸ਼ਿੰਗਟਨ ਅਤੇ ਸੇਨ ਫਰਾਂਸਿਸਕੋ ਤੋਂ ਬਾਅਦ ਰਾਹੁਲ ਗਾਂਧੀ ਨਿਊਯਾਰਕ ਪਹੁੰਚੇ। ਉਥੇ ਹੀ ਸ਼ਨੀਵਾਰ ਨੂੰ ਇੰਡੀਅਨ ਓਵਰਸੀਜ਼ ਕਾਂਗਰਸ-ਅਮਰੀਕਾ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ‘ਅਸੀਂ ਕਰਨਾਟਕ ‘ਚ ਅਜਿਹਾ ਕਰਕੇ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਹਰਾ ਸਕਦੇ ਹਾਂ। ਅਸੀਂ ਨਾ ਸਿਰਫ਼ ਭਾਜਪਾ ਨੂੰ ਹਰਾਇਆ, ਸਗੋਂ ਉਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ।
ਰਾਹੁਲ ਗਾਂਧੀ ਨੇ ਕਿਹਾ ਕਿ ‘ਕਰਨਾਟਕ ਚੋਣਾਂ ਵਿੱਚ ਭਾਜਪਾ ਨੇ ਸਾਰੇ ਉਪਾਅ ਕੀਤੇ। ਉਨ੍ਹਾਂ ਕੋਲ ਮੀਡੀਆ ਸੀ, ਸਾਡੇ ਮੁਕਾਬਲੇ 10 ਗੁਣਾ ਵੱਧ ਪੈਸਾ ਸੀ, ਏਜੰਸੀਆਂ ਸਨ ਪਰ ਉਸ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਹਰਾ ਦਿੱਤਾ। ਮੈਂ ਦੱਸਣਾ ਚਾਹੁੰਦਾ ਹਾਂ ਕਿ ਹੁਣ ਤੇਲੰਗਾਨਾ ਦੀਆੰ ਚੋਣਾਂ ਵਿੱਚ ਵੀ ਅਸੀਂ ਉਨ੍ਹਾਂ ਨੂੰ ਹਰਾਵਾਂਗੇ।
ਰਾਹੁਲ ਗਾਂਧੀ ਐਤਵਾਰ ਨੂੰ ਹੀ ਮੈਨਹਟਨ ‘ਚ ਰੈਲੀ ਵੀ ਕਰਨਗੇ। ਨਿਊਯਾਰਕ ਦੇ ਪ੍ਰੋਗਰਾਮ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਤੇਲੰਗਾਨਾ ‘ਚ ਭਾਜਪਾ ਨੂੰ ਲੱਭਣਾ ਮੁਸ਼ਕਲ ਹੋਵੇਗਾ। ਇਸ ਸਮਾਗਮ ਵਿੱਚ ਭਾਰਤੀ ਮੂਲ ਦੇ ਭਾਈਚਾਰੇ ਤੋਂ ਇਲਾਵਾ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਤੇਲੰਗਾਨਾ ‘ਚ ਹੀ ਨਹੀਂ, ਸਗੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ‘ਚ ਵੀ ਅਸੀਂ ਕਰਨਾਟਕ ਵਾਂਗ ਵਿਰੋਧ ਪ੍ਰਦਰਸ਼ਨ ਕਰਾਂਗੇ।
ਦੱਸ ਦੇਈਏ ਕਿ ਇਸ ਸਾਲ ਦੇ ਅਖੀਰ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਵਾਲੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਿਰਫ਼ ਕਾਂਗਰਸ ਪਾਰਟੀ ਨਹੀਂ ਹੈ, ਜੋ ਬੀਜੇਪੀ ਨੂੰ ਹਰਾਏਗੀ, ਸਗੋਂ ਭਾਰਤ, ਮੱਧ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਲੋਕ ਭਾਜਪਾ ਨੂੰ ਹਰਾਉਣਗੇ। ਭਾਰਤ ਸਮਝ ਚੁੱਕਾ ਹੈ ਕਿ ਜਿਸ ਤਰ੍ਹਾਂ ਭਾਜਪਾ ਸਮਾਜ ਵਿੱਚ ਨਫ਼ਰਤ ਵਧਾ ਰਹੀ ਹੈ, ਉਸ ਨਾਲ ਦੇਸ਼ ਅੱਗੇ ਨਹੀਂ ਵਧ ਸਕਦਾ।
ਇਹ ਵੀ ਪੜ੍ਹੋ : ‘ਦਰਸ਼ਨ ਵੇਲੇ ਸਹੀ ਕੱਪੜੇ ਪਹਿਨੋ, ਸੈਰ-ਸਪਾਟੇ ਤੇ ਧਾਰਮਿਕ ਯਾਤਰਾ ਦਾ ਫਰਕ ਸਮਝੋ’- ਕੇਦਾਰ ਮੰਦਰ ਕਮੇਟੀ ਦੇ ਪ੍ਰਧਾਨ ਬੋਲੇ
ਰਾਹੁਲ ਗਾਂਧੀ ਨੇ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦਾ ਦਾਅਵਾ ਵੀ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਇਕਜੁੱਟ ਹੈ। ਇਹ ਵਿਚਾਰਧਾਰਾ ਦੀ ਲੜਾਈ ਹੈ, ਇੱਕ ਪਾਸੇ ਭਾਜਪਾ ਦੀ ਵੰਡਵਾਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਕਾਂਗਰਸ ਦੀ ਏਕਤਾ ਅਤੇ ਪਿਆਰ ਦੀ ਵਿਚਾਰਧਾਰਾ ਹੈ।
ਗਾਂਧੀ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਦਾ ਵੀ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰਧਾਨ ਮੰਤਰੀ ਨੇ ਖੁਦ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕੰਮ ਨਹੀਂ ਹੋਇਆ। ਕਰਨਾਟਕ ਦੀਆਂ ਚੋਣਾਂ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਲੜੀਆਂ ਗਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: