ਪੰਜਾਬ ਸਣੇ 5 ਰਾਜਾਂ ‘ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ, ਜਿਸ ਤੋਂ ਬਾਅਦ ਪੈਟਰੋਲ-ਡੀਜ਼ਲ 15 ਰੁਪਏ ਮਹਿੰਗੇ ਹੋ ਸਕਦੇ ਹੈ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ 95 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ 2014 ‘ਚ ਕੱਚੇ ਤੇਲ ਦੀ ਕੀਮਤ 95 ਡਾਲਰ ਨੂੰ ਪਾਰ ਕਰ ਗਈ ਸੀ।
ਇੱਕ ਦਸੰਬਰ 2021 ਨੂੰ ਕੱਚੇ ਤੇਲ ਦੀ ਕੀਮਤ 69 ਡਾਲਰ ਪ੍ਰਤੀ ਬੈਰਲ ਸੀ, ਜੋ ਹੁਣ 95 ਡਾਲਰ ਪ੍ਰਤੀ ਬੈਰਲ ਤੋਂ ਉਪਰ ਪਹੁੰਚ ਗਈ ਹੈ। ਯਾਨੀ ਢਾਈ ਮਹੀਨਿਆਂ ਦੇ ਅੰਦਰ ਹੀ ਕੱਚੇ ਤੇਲ ਦੀਆਂ ਕੀਮਤਾਂ 37 ਫੀਸਦੀ ਵਧ ਗਈਆਂ ਹਨ। ਮਾਹਿਰਾਂ ਮੁਤਾਬਕ ਜਲਦੀ ਹੀ ਇਹ 100 ਡਾਲਰ ਪ੍ਰਤੀ ਬੈਰਲ ਦਾ ਅੰਕੜਾ ਵੀ ਪਾਰ ਕਰ ਜਾਏਗੀ।
ਟੈਕਸਾਸ ਦੀ ਆਇਲ ਕੰਪਨੀ, ਪਾਇਨੀਅਰ ਨੈਚੁਰਲ ਰਿਸੋਰਸਜ਼ ਦੇ ਸਕਾਟ ਸ਼ੈਫੀਲਡ ਨੇ ਕਿਹਾ ਕਿ ਜੇ ਪੁਤਿਨ ਹਮਲਾ ਕਰਦੇ ਹਨ, ਤਾਂ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਤੋਂ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ, ਪਰ ਜੇ ਬਿਡੇਨ ਈਰਾਨ ਤੋਂ ਪਾਬੰਦੀਆਂ ਹਟਾਉਂਦੇ ਹਨ ਤਾਂ ਇਸਦੀ ਕੀਮਤ 10 ਡਾਲਰ ਘਟ ਜਾਵੇਗੀ। ਫਿਲਹਾਲ ਬਾਜ਼ਾਰ ‘ਚ ਜਿੰਨੀ ਮੰਗ ਹੈ, ਓਨੀ ਸਪਲਾਈ ਨਹੀਂ ਹੈ, ਜਿਸ ਕਰਕੇ ਕੀਮਤਾਂ 100 ਡਾਲਰ ਦੇ ਪਾਰ ਜਾਣਾ ਤੈਅ ਹੈ।
ਮਾਹਰਾਂ ਅਨੁਸਾਰ ਸਰਕਾਰ ਭਾਵੇਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ‘ਚ ਆਪਣੀ ਭੂਮਿਕਾ ਤੋਂ ਇਨਕਾਰ ਕਰਦੀ ਹੋਵੇ ਪਰ ਪਿਛਲੇ ਸਾਲਾਂ ਦੌਰਾਨ ਵੇਖਿਆ ਗਿਆ ਹੈ ਕਿ ਚੋਣਾਂ ਦੌਰਾਨ ਸਰਕਾਰ ਜਨਤਾ ਨੂੰ ਖੁਸ਼ ਕਰਨ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾ ਰਹੀ। ਪਿਛਲੇ ਸਾਲਾਂ ਦਾ ਰੁਝਾਨ ਦੱਸ ਰਿਹਾ ਹੈ ਕਿ ਚੁਣਾਵੀ ਮੌਸਮ ਵਿੱਚ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਆਮ ਜਨਤਾ ਨੂੰ ਰਾਹਤ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਆਈ.ਆਈ.ਐੱਫ.ਐੱਲ. ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ‘ਚ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ 3 ਨਵੰਬਰ ਤੋਂ ਪੈਟਰੋਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਪਰ ਉਦੋਂ ਤੋਂ ਕੱਚਾ ਤੇਲ 15 ਡਾਲਰ ਪ੍ਰਤੀ ਬੈਰਲ ਤੋਂ ਵੀ ਮਹਿੰਗਾ ਹੋ ਗਿਆ ਹੈ। ਇੰਨਾ ਹੀ ਨਹੀਂ ਭਵਿੱਖ ਵਿੱਚ ਵੀ ਇਸ ਵਿੱਚ ਤੇਜ਼ੀ ਆ ਸਕਦੀ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 15 ਰੁਪਏ ਤੱਕ ਵਧ ਸਕਦੀਆਂ ਹਨ।
ਰੇਟਿੰਗ ਏਜੰਸੀ ਇਕਰਾ ਦੇ ਉਪ ਪ੍ਰਧਾਨ ਅਤੇ ਸਹਿ-ਗਰੁੱਪ ਮੁਖੀ ਪ੍ਰਸ਼ਾਂਤ ਵਸ਼ਿਸ਼ਟ ਦਾ ਕਹਿਣਾ ਹੈ ਕਿ ਕੱਚਾ ਤੇਲ 1 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਣ ‘ਤੇ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਔਸਤਨ 55-60 ਪੈਸੇ ਪ੍ਰਤੀ ਲੀਟਰ ਵਧ ਜਾਂਦੀਆਂ ਹਨ। ਅਜਿਹੇ ‘ਚ ਜੇ ਕਰੂਡ 100 ਡਾਲਰ ਤੱਕ ਪਹੁੰਚ ਜਾਂਦਾ ਹੈ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 10 ਰੁਪਏ ਤੱਕ ਵਧ ਸਕਦੀਆਂ ਹਨ।