ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਫਿਰੋਜ਼ਪੁਰ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਜ ਫਿਰੋਜ਼ਪੁਰ ਵਿੱਚ ਰੈਲੀ ਨੂੰ ਸੰਬੋਧਨ ਕਰਨਾ ਸੀ। ਵਾਪਸੀ ਦੌਰਾਨ ਵੀ ਪੀ.ਐੱਮ. ਮੋਦੀ 15-20 ਮਿੰਟ ਫਲਾਈਓਰ ‘ਤੇ ਫਸੇ ਰਹੇ। ਕੇਂਦਰ ਨੇ ਸੂਬਾ ਸਰਕਾਰ ਤੋਂ ਇਸ ਬਾਰੇ ਰਿਪੋਰਟ ਤਲਬ ਕੀਤੀ ਹੈ।
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਰੈਲੀ ਰੱਦ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਦੀ ਵਿਵਸਥਾ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਦੇ ਕਾਫ਼ਲੇ ਨੂੰ ਰਾਹ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਰਾਹ ਵਿੱਚ ਕਈ ਪ੍ਰਦਰਸ਼ਨਕਾਰੀ ਖੜ੍ਹੇ ਸਨ।
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਹੁਸੈਨੀਵਾਲਾ ਸਥਿਤ ਕੌਮੀ ਯਾਦਗਾਰ ਤੋਂ 30 ਕਿ.ਮੀ. ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਕਾਫ਼ਲਾ ਇੱਕ ਫਲਾਈਓਵਰ ‘ਤੇ ਪਹੁੰਚਿਆ ਸੀ। ਉਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕੀਤੀ ਹੋਈ ਸੀ, ਜਿਸ ਕਰਕੇ ਪੀ.ਐੱਮ. ਮੋਦੀ ਉਥੇ ਫਸੇ ਰਹੇ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਨੂੰ ਵੱਡੀ ਗਲਤੀ ਮੰਨਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਪੀ.ਐੱਮ. ਮੋਦੀ ਦੇ ਸੜਕੀ ਰਸਤੇ ਤੋਂ ਲੰਘਣ ਤੋਂ ਪਹਿਲਾਂ ਪੰਜਾਬ ਪੁਲਿਸ ਤੋਂ ਕਲੀਅਰੈਂਸ ਲਈ ਗਈ ਸੀ। ਇਸ ਦੇ ਬਾਵਜੂਦ ਰਸਤੇ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਰਸਤਾ ਜਾਮ ਮਿਲਿਆ।
ਗ੍ਰਹਿ ਮੰਤਰਾਲਾ ਨੇ ਕਿਹਾ ਕਿ ਪੀ.ਐੱਮ. ਮੋਦੀ ਦੇ ਦੌਰੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੜਕ ਰਾਹੀਂ ਕਿਸੇ ਵੀ ਆਵਾਜਾਈ ਨੂੰ ਸੁਰੱਖਿਅਤ ਕਰਨ ਲਈ ਵਾਧੂ ਸੁਰੱਖਿਆ ਤਾਇਨਾਤ ਨਹੀਂ ਕੀਤੀ ਗਈ ਸੀ। ਸੁਰੱਖਿਆ ਵਿੱਚ ਇਸ ਕੁਤਾਹੀ ਮਗਰੋਂ ਬਠਿੰਡਾ ਹਵਾਈ ਅੱਡੇ ਵੱਲ ਵਾਪਸ ਜਾਣ ਦਾ ਫੈਸਲਾ ਕੀਤਾ ਗਿਆ।
ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਗੰਭੀਰ ਸੁਰੱਖਿਆ ਦੀ ਕਮੀ ਦਾ ਨੋਟਿਸ ਲਿਆ ਹੈ ਤੇ ਰਾਜ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਰਾਜ ਸਰਕਾਰ ਨੂੰ ਵੀ ਇਸ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕਾਰਨਾਂ ਕਰਕੇ ਰੈਲੀ ਨੂੰ ਸੰਬੋਧਨ ਦਾ ਪ੍ਰੋਗਰਾਮ ਰੱਦ ਕੀਤਾ ਹੈ। ਫਿਰੋਜ਼ਪੁਰ ਵਿੱਚ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਸਟੇਜ ਤੋਂ ਇਹ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਰੈਲੀ ਮੁਲਤਵੀ ਕੀਤੀ ਗਈ ਹੈ, ਰੱਦ ਨਹੀਂ। ਉਨ੍ਹਾਂ ਕਿਹਾ ਕਿ ਜਲਦ ਹੀ ਪੀ. ਐੱਮ. ਮੋਦੀ ਦੁਬਾਰਾ ਪੰਜਾਬ ਵਿੱਚ ਆਉਣਗੇ। ਬੁੱਧਵਾਰ ਨੂੰ ਉਹ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ।