ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇੰਨਾ ਹੀ ਨਹੀਂ ਸੋਨੀਆ ਤੋਂ ਇਲਾਵਾ ਕਾਂਗਰਸ ਦੇ ਕੁਝ ਹੋਰ ਨੇਤਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।
ਦੱਸ ਦੇਈਏ ਕਿ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਵੀ ਸੋਨੀਆ ਗਾਂਧੀ ਨੂੰ ਈਡੀ ਦੇ ਸਾਹਮਣੇ ਪੇਸ਼ ਹੋਣਾ ਪਏਗਾ। ਕੋਰੋਨਾ ਕਰਕੇ ਉਨ੍ਹਾਂ ਦੀ ਪੇਸ਼ੀ ‘ਤੇ ਕੋਈ ਅਸਰ ਨਹੀਂ ਪਏਗਾ। ਇਹ ਜਾਣਕਾਰੀ ਕਾਂਗਰਸ ਨੇ ਦਿੱਤੀ।
ਦਰਅਸਲ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਆਪਣੇ ਟਵੀਟ ਵਿੱਚ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪਿਛਲੇ ਇੱਖ ਹਫਤੇ ਤੋਂ ਨੇਤਾਵਾਂ ਤੇ ਵਰਕਰਾਂ ਨੂੰ ਮਿਲ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਡਾਕਟਰ ਦੀ ਸਲਾਹ ਮਗਰੋਂ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਸੁਰਜੇਵਾਲਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪ੍ਰਧਾਨ ਕੋਰੋਨਾ ਦੇ ਬਾਵਜੂਦ ਪੁੱਛਗਿੱਛ ਲਈ ਕੇਂਦਰੀ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ।
ਸੋਨੀਆ ਗਾਂਧੀ ਨੂੰ ਅੱਠ ਜੂਨ ਨੂੰ ਨੈਸ਼ਨਲ ਹੇਰਾਲਡ ਅਖਬਾਰ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸਾਹਮਣੇ ਪੇਸ਼ ਹੋਣਾ ਹੈ। ਹਾਲਾਂਕਿ ਕੋਰੋਨਾ ਪਾਜ਼ੀਟਿਵ ਹੋਣ ਮਗਰੋਂ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ, ਪਰ ਹੁਣ ਕਾਂਗਰਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੋਨੀਆ ਗਾਂਧੀ ਪੇਸ਼ ਹੋਣਗੇ।
ਦੂਜੇ ਪਾਸੇ ਰਾਹੁਲ ਗਾਂਧੀ ਦੀ ਵੀ ਪੇਸ਼ੀ ਵੀਰਵਾਰ ਨੂੰ ਹੋਣੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਉਹ ਦੇਸ਼ ਤੋਂ ਬਾਹਰ ਹਨ, ਇਸ ਲਈ ਉਨ੍ਹਾਂ ਨੇ ਜਾਂਚ ਏਜੰਸੀ ਨੂੰ ਬਾਅਦ ਦੀ ਤਰੀਕ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਸੋਨੀਆ ਗਾਂਧੀ ਪਹਿਲਾਂ ਵੀ ਫੇਫੜਿਆਂ ਵਿੱਚ ਇਨਫੈਕਸ਼ਨ ਦੇ ਸ਼ਿਕਾਰ ਹੋ ਚੁੱਕੇ ਹਨ। ਸਾਲ 2014 ਵਿੱਚ ਉਨ੍ਹਾਂ ਨੂੰ ਰਾਜਧਾਨੀ ਦਿੱਲੀ ਸਥਿਤ ਸਰ ਗੰਗਾ ਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਉਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਨੇਤਾ ਨੂੰ ਸਾਵਧਾਨੀ ਵਜੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।