ਪੀ.ਐੱਮ.ਸੀ. ਬੈਂਕ ਘੁਟਾਲੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਭਾਰਤੀ ਸੁਰੱਖਿਆ ਏਜੰਸੀ ਨੇ ਬਿਹਾਰ ਦੇ ਰਕਸੌਲ ਸਰਹੱਦ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਦੱਸ ਦੇਈਏ ਕਿ 2019 ਵਿੱਚ ਪੀ.ਐੱਮ.ਸੀ. ਬੈਂਕ ਵਿੱਚ 4 ਹਜ਼ਾਰ 355 ਕਰੋੜ ਦਾ ਬੈਂਕ ਘੁਟਾਲਾ ਹੋਇਆ ਸੀ, ਜਿਸ ਦਾ ਮੁੱਖ ਦੋਸ਼ੀ ਬੈਂਕ ਦਾ ਡਾਇਰੈਕਟਰ ਦਲਜੀਤ ਸਿੰਘ ਬੱਲ ਸੀ। ਮਹਾਰਾਸ਼ਟਰ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਯੂ.) ਇਸ ਬੈਂਕ ਘੁਟਾਲੇ ਦੀ ਜਾਂਚ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਨੇਪਾਲ ਵਿੱਚ ਦਾਖਲ ਹੋਣ ਤੋਂ 200 ਮੀਟਰ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੇ ਪੀ.ਐੱਮ.ਸੀ. ਬੈਂਕ ਦੇ ਡਾਇਰੈਕਟਰ ਦਲਜੀਤ ਸਿੰਘ ਬੱਲ ਨੂੰ ਹਿਰਾਸਤ ਵਿੱਚ ਲੈ ਲਿਆ। ਇਮੀਗ੍ਰੇਸ਼ਨ ਵਿਭਾਗ ਨੇ ਮੁੰਬਈ ਈ.ਓ.ਡਬਲਯੂ. ਵਿਭਾਗ ਨੂੰ ਸੂਚਨਾ ਦੇ ਦਿੱਤੀ ਹੈ।
ਫ਼ਿਲਹਾਲ ਦਲਜੀਤ ਸਿੰਘ ਬੱਲ ਨੂੰ ਰਕਸੌਲ ਥਾਣੇ ਵਿੱਚ ਰੱਖਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ EOW ਦੀ ਟੀਮ ਪਟਨਾ ਪਹੁੰਚ ਚੁੱਕੀ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਬਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮਾਮਲੇ ਵਿੱਚ ਈ.ਓ.ਡਬਲਯੂ. ਵੱਲੋਂ ਮੁੱਖ ਮੁਲਜ਼ਮ ਦਲਜੀਤ ਸਿੰਘ ਬੱਲ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਦਲਜੀਤ ਸਿੰਘ ਬੱਲ ਜਾਂਚ ਏਜੰਸੀ ਨੂੰ ਚਕਮਾ ਦੇ ਕੇ ਲਗਾਤਾਰ ਫਰਾਰ ਚੱਲ ਰਿਹਾ ਸੀ।
ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਨੀਰਵ ਮੋਦੀ ਅਤੇ ਵਿਜੇ ਮਾਲਯਾ ਵਾਂਗ ਦਲਜੀਤ ਸਿੰਘ ਵੀ ਦੇਸ਼ ਛੱਡ ਕੇ ਨੇਪਾਲ ਦੇ ਰਸਤਿਓਂ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਹਾਰਾਸ਼ਟਰ ਤੋਂ ਉਹ ਬੜੀ ਆਸਾਨੀ ਨਾਲ ਰਕਸੌਲ ਬਾਰਡਰ ਪਹੁੰਚ ਗਿਆ ਪਰ ਨੇਪਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਗਿਆ।