ਨਿਊ ਮੈਕਸੀਕੋ ਵਿੱਚ ਤਿੰਨ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗਲਤ ਘਰ ਪਹੁੰਚ ਗਏ। ਇਹ ਜਾਣਨ ਦੇ ਬਾਵਜੂਦ ਉਨ੍ਹਾਂ ਨੇ ਘਰ ਦੇ ਮਾਲਕ 52 ਸਾਲਾ ਰੌਬਰਟ ਡੌਟਸਨ ‘ਤੇ ਗੋਲੀਆਂ ਚਲਾ ਦਿੱਤੀਆਂ। ਇੰਨਾ ਹੀ ਨਹੀਂ ਪੁਲਿਸ ਅਤੇ ਮ੍ਰਿਤਕ ਦੀ ਪਤਨੀ ਵਿਚਾਲੇ ਗੋਲੀਬਾਰੀ ਵੀ ਹੋਈ। ਰਿਪੋਰਟ ਮੁਤਾਬਕ ਇਹ ਘਟਨਾ 5 ਅਪ੍ਰੈਲ ਦੀ ਹੈ। ਹੁਣ ਪੁਲਿਸ ਨੇ ਇਸ ਦੇ ਬੈਡੀ-ਕੈਮ ਫੁਟੇਜ ਜਾਰੀ ਕੀਤੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਇਕ ਘਰ ਦਾ ਦਰਵਾਜ਼ਾ ਖੜਕਾ ਰਹੀ ਹੈ। ਅਧਿਕਾਰੀਆਂ ਨੇ ਇੱਕ ਮਿੰਟ ਵਿੱਚ 3 ਵਾਰ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਇੱਕ ਅਧਿਕਾਰੀ ਉਲਝਣ ਵਿੱਚ ਪੈ ਜਾਂਦਾ ਹੈ ਅਤੇ ਦੂਜੇ ਅਧਿਕਾਰੀ ਤੋਂ ਘਰ ਦਾ ਪਤਾ ਪੁੱਛਦਾ ਹੈ। ਉਹ ਕਹਿੰਦਾ- ਇਹ ਮਕਾਨ ਨੰਬਰ 43 ਹੈ ਜਾਂ 53। ਦੋਵਾਂ ਅਧਿਕਾਰੀਆਂ ਵਿਚਾਲੇ ਕੁਝ ਸਕਿੰਟਾਂ ਤੱਕ ਗੱਲਬਾਤ ਹੋਈ। ਉਹ ਹੱਸਦਾ ਹੈ ਅਤੇ ਵਾਪਸ ਜਾਣ ਲੱਗ ਪੈਂਦਾ ਹੈ। ਇਸ ਦੌਰਾਨ ਰਾਬਰਟ ਡੌਟਸਨ ਦਰਵਾਜ਼ਾ ਖੋਲ੍ਹਦਾ ਹੈ ਅਤੇ ਪੁਲਿਸ ਅਧਿਕਾਰੀ ਉਸ ‘ਤੇ ਗੋਲੀਆਂ ਚਲਾ ਦਿੰਦੇ ਹਨ।
ਰਿਪੋਰਟ ਮੁਤਾਬਕ ਰੌਬਰਟ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਹੱਥ ਵਿੱਚ ਬੰਦੂਕ ਸੀ। ਇਹ ਦੇਖ ਕੇ ਪੁਲਿਸ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰੌਬਰਟ ਗੋਲੀ ਲੱਗਦੇ ਹੀ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਇਸ ਦੌਰਾਨ ਘਰ ਦੇ ਅੰਦਰ ਰੌਬਰਟ ਦੀ ਪਤਨੀ ਰੋਣ ਲੱਗ ਜਾਂਦੀ ਹੈ। ਇਹ ਜਾਣੇ ਬਿਨਾਂ ਕਿ ਦਰਵਾਜ਼ੇ ‘ਤੇ ਕੌਣ ਹੈ, ਉਹ ਵੀ ਗੋਲੀਬਾਰੀ ਸ਼ੁਰੂ ਕਰ ਦਿੰਦੀ ਹੈ। ਇਕ ਅਧਿਕਾਰੀ ਨੇ ਕਿਹਾ- ਘਰ ‘ਚ ਮੌਜੂਦ ਔਰਤ ਨੂੰ ਨਹੀਂ ਪਤਾ ਸੀ ਕਿ ਦਰਵਾਜ਼ੇ ‘ਤੇ ਪੁਲਿਸ ਹੈ, ਇਸ ਲਈ ਉਸ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ।
ਗੋਲੀਬਾਰੀ ਦੌਰਾਨ ਰੌਬਰਟ ਦੇ ਤਿੰਨੋਂ ਬੱਚੇ ਘਰ ਵਿੱਚ ਮੌਜੂਦ ਸਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉਸ ਦੀ ਧੀ ਨੇ ਪੁਲਿਸ ਨੂੰ ਫੋਨ ਕੀਤਾ। ਉਸ ਨੇ ਕਿਹਾ- ਮੇਰੇ ਘਰ ‘ਤੇ ਗੋਲੀਬਾਰੀ ਹੋ ਰਹੀ ਹੈ। ਮੇਰੇ ਪਿਤਾ ਦੀ ਮੌਤ ਹੋ ਗਈ ਹੈ। ਸਾਨੂੰ ਮਦਦ ਦੀ ਲੋੜ ਹੈ।
ਘਟਨਾ ਦੇ ਸਮੇਂ ਤਿੰਨ ਪੁਲਿਸ ਅਧਿਕਾਰੀ ਮੌਜੂਦ ਸਨ। ਘਟਨਾ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। ਜਿਵੇਂ- ਪੁਲਿਸ ਨੇ ਗਲਤ ਘਰ ਵਿੱਚ ਗੋਲੀ ਕਿਉਂ ਚਲਾਈ? ਘਰ ਦੇ ਮਾਲਕ ਨੇ ਬੰਦੂਕ ਨਾਲ ਦਰਵਾਜ਼ਾ ਕਿਉਂ ਖੋਲ੍ਹਿਆ? ਇਨ੍ਹਾਂ ਸਾਰੇ ਸਵਾਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਕੁਝ ਲੋਕ ਪੁਲਸ ‘ਤੇ ਦੋਸ਼ ਲਗਾ ਰਹੇ ਹਨ।
ਇਹ ਵੀ ਪੜ੍ਹੋ : ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸਰਕਾਰ ਸਖ਼ਤ, ਇਸ ਤਰੀਕ ਮਗਰੋਂ ਕੱਟੇ ਜਾਣਗੇ ਚਲਾਨ
ਉਨ੍ਹਾਂ ਦਾ ਕਹਿਣਾ ਹੈ ਕਿ ਅੱਧੀ ਰਾਤ ਨੂੰ ਜੇਕਰ ਕੋਈ ਦਰਵਾਜ਼ਾ ਖੜਕਾਉਂਦਾ ਹੈ ਤਾਂ ਕੋਈ ਵੀ ਵਿਅਕਤੀ ਆਤਮ ਰੱਖਿਆ ਲਈ ਬੰਦੂਕ ਜਾਂ ਕਿਸੇ ਵੀ ਤਰ੍ਹਾਂ ਦੇ ਹਥਿਆਰ ਨਾਲ ਹੀ ਦਰਵਾਜ਼ਾ ਖੋਲ੍ਹਦਾ ਹੈ। ਇਸ ਦੇ ਨਾਲ ਹੀ ਪੁਲਿਸ ਮੁਖੀ ਸਟੀਵਨ ਹੇਬੇ ਨੇ ਮੁਆਫ਼ੀ ਮੰਗੀ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਵੀਡੀਓ ਲਈ ਕਲਿੱਕ ਕਰੋ -: