ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੀਆਰਟੀਸੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ਨੂੰ ਬੱਸਾਂ ਤੋਂ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਵਿਚ ਜਿਵੇਂ ਹੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਰਾਜ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਸੂਬੇ ਦੇ ਸਾਰੇ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ ਕੈਪਟਨ ਹੋਰਡਿੰਗਜ਼ ਤੋਂ ਹੇਠਾਂ ਆਉਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਕੰਪਨੀ ਨੂੰ ਕੈਪਟਨ ਦੀਆਂ ਪ੍ਰਾਪਤੀਆਂ ਦੇ ਹੋਰਡਿੰਗਸ ਉਤਾਰਨ ਦੇ ਆਦੇਸ਼ ਆਏ ਹਨ। ਜਿਵੇਂ ਹੀ ਆਰਡਰ ਮਿਲਿਆ, ਕੰਪਨੀ ਨੇ ਕੈਪਟਨ ਦੀਆਂ ਤਸਵੀਰਾਂ ਵਾਲੇ ਹੋਰਡਿੰਗਸ ਉਤਾਰਨੇ ਸ਼ੁਰੂ ਕਰ ਦਿੱਤੇ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਚਾਰ ਸਾਲ ਪੂਰੇ ਕੀਤੇ, ਸਰਕਾਰ ਨੇ ਪੂਰੇ ਪੰਜਾਬ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦੇ ਬੋਰਡ ਲਗਾਏ ਸਨ। ਜਿਸ ਵਿੱਚ ਸਕੂਲੀ ਸਿੱਖਿਆ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ, ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨਾ, ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਸਿੱਖਿਆ ਸ਼ੁਰੂ ਕਰਨਾ, ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਫਸਲਾਂ ਦੀ ਅਦਾਇਗੀ, ਕਿਸਾਨਾਂ ਦੀ ਕਰਜ਼ਾ ਮੁਆਫੀ, ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਸਮੇਤ ਗੈਂਗਸਟਰਾਂ ‘ਤੇ ਕਾਰਵਾਈ ਕਈ ਪ੍ਰਾਪਤੀਆਂ ਲਿਖੀਆਂ ਗਈਆਂ ਸਨ।
ਖਾਸ ਗੱਲ ਇਹ ਸੀ ਕਿ ਇਨ੍ਹਾਂ ਸਾਰੇ ਹੋਰਡਿੰਗਸ ‘ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸੀ। ਹੁਣ ਹਰ ਥਾਂ ਤੋਂ ਕੈਪਟਨ ਦੇ ਹੋਰਡਿੰਗਸ ਲਾਹੁਣ ਦਾ ਕੰਮ ਜਾਰੀ ਹੈ ਜੋ ਲਗਭਗ ਪੂਰਾ ਹੋਣ ਵਾਲਾ ਹੈ।
ਇਹ ਵੀ ਪੜ੍ਹੋ : Breaking : CM ਬਦਲਦੇ ਸਾਰ ਹੀ ਬਦਲਿਆ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ, ਸਿੱਧੂ ਦਾ ਭਰੋਸੇਯੋਗ ਬਣਾਇਆ ਨਵਾਂ Chairman