ਪਟਿਆਲਾ : ਪੰਜਾਬ ਦੇ ਉਦਯੋਗਿਕ ਸੈਕਟਰ ਨੂੰ ਜਲਦ ਹੀ ਪਾਵਰਕਾਮ ਵੱਲੋਂ ਝਟਕਾ ਲੱਗ ਸਕਦਾ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੇ ਅਗਲੇ ਵਿੱਤੀ ਸਾਲ 2023-24 ਲਈ ਬਿਜਲੀ ਕਿਰਾਏ ਦੀਆਂ ਦਰਾਂ ਵਿੱਚ ਵਾਧੇ ਦੀ ਮੰਗ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਅਥਾਰਟੀ ਕੋਲ ਰੱਖੀ ਹੈ। ਇਹ ਸਿਰਫ਼ ਖਰਚੇ ਅਤੇ ਆਮਦਨ ਵਿੱਚ ਕਰੀਬ 4000 ਕਰੋੜ ਰੁਪਏ ਦੇ ਗੈਪ ਨੂੰ ਭਰਨ ਲਈ ਕੀਤਾ ਗਿਆ ਹੈ।
ਖਰਚੇ ਅਤੇ ਆਮਦਨ ਵਿਚਕਾਰ ਇਹ ਵੱਡਾ ਪਾੜਾ ਪਿਛਲੇ ਮਹੀਨਿਆਂ ਦੌਰਾਨ ਕੋਲੇ ਦੀ ਖਰੀਦ ‘ਤੇ ਹੋਏ ਵਾਧੂ ਖਰਚੇ ਅਤੇ ਹੋਰ ਬਿਜਲੀ ਕੰਪਨੀਆਂ ਤੋਂ ਮਹਿੰਗੇ ਭਾਅ ‘ਤੇ ਬਿਜਲੀ ਖਰੀਦਣ ਕਾਰਨ ਹੋਇਆ ਮੰਨਿਆ ਜਾ ਰਿਹਾ ਹੈ।
ਪਾਵਰਕਾਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਉਕਤ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਬਿਜਲੀ ਦੇ ਕਿਰਾਏ ਦੀਆਂ ਦਰਾਂ ਵਿੱਚ 70 ਪੈਸੇ ਪ੍ਰਤੀ ਯੂਨਿਟ ਵਾਧਾ ਕਰਨਾ ਪਏਗਾ। ਬਿਜਲੀ ਕਿਰਾਏ ਦੀਆਂ ਦਰਾਂ ਨਾਲ ਸਬੰਧਤ ਪਾਵਰਕਾਮ ਦੇ ਪਿਛਲੇ ਟੈਰਿਫ ਆਰਡਰ ਵਿੱਚ ਦੱਸਿਆ ਗਿਆ ਸੀ ਕਿ ਸਾਰੇ ਖਪਤਕਾਰ ਵਰਗਾਂ ਨੂੰ ਕੁੱਲ 36 ਹਜ਼ਾਰ 150 ਕਰੋੜ ਰੁਪਏ ਦੀ ਬਿਜਲੀ ਸਪਲਾਈ ਕੀਤੀ ਜਾਵੇਗੀ। ਇਸ ਦੇ ਉਲਟ ਜਿਥੇ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਪਲਾਈ ਤੋਂ ਲਗਭਗ ਸੱਤ ਹਜ਼ਾਰ ਕਰੋੜ ਮਿਲਣਗੇ ਦੂਜੇ ਪਾਸੇ ਇਸ ਸੈਕਟਰ ਦੇ ਵਾਧੂ ਹੋਰ ਸਾਰੇ ਵਰਗਾਂ ਤੋਂ ਕਰੀਬ 29 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਮਿਲੇਗਾ।
ਜ਼ਿਕਰਯੋਗ ਹੈ ਕਿ ਖੇਤੀ ਸੈਕਟਰ ਤੋਂ ਬਿਜਲੀ ਦੇ ਬਿੱਲਾਂ ਦੀ ਵਸੂਲੀ ਨਹੀਂ ਕੀਤੀ ਜਾਂਦੀ ਅਤੇ ਇਸ ਦੇ ਬਦਲੇ ਸੂਬਾ ਸਰਕਾਰ ਪਾਵਰਕਾਮ ਨੂੰ ਸਬਸਿਡੀ ਅਦਾ ਕਰਦੀ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੌਰਾਨ ਆਮਦਨ ਅਤੇ ਖਰਚੇ ਦਾ ਗੈਪ ਕਰੀਬ 10 ਹਜ਼ਾਰ ਕਰੋੜ ਰੁਪਏ ਸੀ। ਇਸ ਤਰ੍ਹਾਂ ਇਹ ਗੈਪ ਵਧ ਕੇ ਕਰੀਬ 14 ਹਜ਼ਾਰ ਕਰੋੜ ਰੁਪਏ ਹੋ ਜਾਵੇਗਾ। ਇਸ ਸਾਲ ਪਾਵਰਕਾਮ ਨੂੰ ਆਪਣੇ ਵੱਖ-ਵੱਖ ਖਰਚਿਆਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿੱਤੀ ਕੰਪਨੀਆਂ ਤੋਂ ਕਰੀਬ 1500 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ।
ਇਹ ਵੀ ਪੜ੍ਹੋ : ਡੇਲੀ ਪੋਸਟ ਦੀ ਖ਼ਬਰ ਦਾ ਅਸਰ, ਜਾਗਿਆ ਫਰੀਦਕੋਟ ਪ੍ਰਸ਼ਾਸਨ, ਬਦਲਿਆ ਗਿਆ ਸਕੂਲਾਂ ਦਾ ਸਮਾਂ
ਮੌਜੂਦਾ ਪੰਜਾਬ ਸਰਕਾਰ ਨੇ ਰਿਹਾਇਸ਼ੀ ਖੇਤਰ ਲਈ 300 ਯੂਨਿਟ ਪ੍ਰਤੀ ਮਹੀਨਾ ਤੱਕ ਮੁਫ਼ਤ ਬਿਜਲੀ ਕਰ ਦਿੱਤੀ ਹੈ। ਦੂਜੇ ਪਾਸੇ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਤਰ੍ਹਾਂ ਮੁਫਤ ਹੈ। ਅਜਿਹੇ ‘ਚ ਜੇ ਅਗਲੇ ਸਮੇਂ ਦੌਰਾਨ ਬਿਜਲੀ ਦੇ ਕਿਰਾਏ ਦੀਆਂ ਦਰਾਂ ਵਧਦੀਆਂ ਹਨ ਤਾਂ ਉਦਯੋਗਿਕ ਸੈਕਟਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੇਲੇ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾ ਰਹੀ ਹੈ। ਹੁਣ ਇਨ੍ਹਾਂ ਦਰਾਂ ਨੂੰ 5.50 ਰੁਪਏ ਪ੍ਰਤੀ ਯੂਨਿਟ ਤੱਕ ਸੋਧਿਆ ਜਾ ਸਕਦਾ ਹੈ। ਇਸ ਤਰ੍ਹਾਂ ਉਦਯੋਗਿਕ ਸੈਕਟਰ ਲਈ ਬਿਜਲੀ ਕਿਰਾਏ ਦੀਆਂ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਤੱਕ ਦਾ ਵਾਧਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: