ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਪਾਵਰਕਾਮ ਵੱਲੋਂ 19 ਖਪਤਕਾਰਾਂ ਨੂੰ 72.67 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਅਤੇ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਸੂਬੇ ਭਰ ਵਿੱਚ ਮੁਹਿੰਮ ਚਲਾਈ ਗਈ ਹੈ ਵੱਖ-ਵੱਖ ਇਨਫੋਰਸਮੈਂਟ ਵਿੰਗਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਨੇ ਬਿਜਲੀ ਚੋਰੀ ਅਤੇ ਹੋਰ ਉਲੰਘਣਾਵਾਂ ਦੇ ਦੋਸ਼ ਹੇਠ 19 ਖਪਤਕਾਰਾਂ ਨੂੰ 72.67 ਲੱਖ ਰੁਪਏ ਜੁਰਮਾਨਾ ਕੀਤਾ ਹੈ।
ਕੈਬਨਿਟ ਮੰਤਰੀ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਤੋਂ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਅਟਾਰੀ ਸਰਹੱਦ ਨੇੜੇ ਇਕ ਹੋਟਲ ਦੀ ਚੈਕਿੰਗ ਕੀਤੀ ਅਤੇ ਖਪਤਕਾਰ ਨੂੰ 15.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਖਪਤਕਾਰ ਦਾ ਪ੍ਰਵਾਨਿਤ ਪਾਵਰ ਲੋਡ 12.130 ਕਿਲੋਵਾਟ ਸੀ ਜਦੋਂ ਕਿ ਇਸ ਦੇ ਉਲਟ ਉਹ 30.456 ਕਿਲੋਵਾਟ ਲੋਡ ਵਰਤ ਰਿਹਾ ਸੀ। ਪੀ.ਐਸ.ਪੀ.ਸੀ.ਐਲ ਨੇ ਬਿਜਲੀ ਚੋਰੀ ਰੋਕੂ ਪੁਲਿਸ ਸਟੇਸ਼ਨ ਵੇਰਕਾ ਨੂੰ ਖਪਤਕਾਰ ਵਿਰੁੱਧ ਐਫਆਈਆਰ ਦਰਜ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਊਧਮਪੁਰ ‘ਚ ਬੱਸ ਪਲਟਣ ਨਾਲ 25 ਯਾਤਰੀ ਹੋਏ ਜ਼ਖਮੀ
ਇਸੇ ਤਰ੍ਹਾਂ ਇੱਕ ਹੋਰ ਚੈਕਿੰਗ ਵਿੱਚ ਬਠਿੰਡਾ ਦੇ ਇੱਕ ਮਛੇਰੇ ਨੂੰ 11.81 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਖਪਤਕਾਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਖਪਤਕਾਰ ਮੀਟਰ ਦੇ ਨਿਊਟਰਲ ਰਾਹੀਂ ਅਤੇ ਓਵਰ ਸਵਿੱਚ ਬਦਲ ਕੇ ਬਿਜਲੀ ਚੋਰੀ ਕਰ ਰਿਹਾ ਸੀ।
ਇਨਫੋਰਸਮੈਂਟ ਟੀਮ ਨੇ ਮੌੜ ਮੰਡੀ ਨੇੜੇ ਗਹਿਰੀ ਪਿੰਡ ਦੇ ਡੇਰਾ ਰੋਮੀਵਾਲਾ ਵਿਖੇ ਵੀ ਛਾਪੇਮਾਰੀ ਕੀਤੀ ਤਾਂ ਪਤਾ ਲੱਗਾ ਕਿ ਡੇਰੇ ਦੀ ਸਪਲਾਈ 20.3 ਕਿਲੋਵਾਟ ਦੇ ਕਨੈਕਟਿਡ ਲੋਡ ‘ਤੇ ਚੱਲ ਰਹੀ ਸੀ ਜਦੋਂਕਿ ਮਨਜ਼ੂਰ ਲੋਡ 5.24 ਕਿਲੋਵਾਟ ਹੈ। ਬਿਜਲੀ ਦੀ ਅਣਅਧਿਕਾਰਤ ਵਰਤੋਂ ਕਰਨ ‘ਤੇ 3.13 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਵਿੱਚ ਬਿਜਲੀ ਸਪਲਾਈ ਕੁਨੈਕਸ਼ਨ ਦੀ ਵੀ ਜਾਂਚ ਕੀਤੀ ਅਤੇ ਪਾਇਆ ਕਿ ਮੀਟਰ ਰਿਕਾਰਡਿੰਗ ਊਰਜਾ ਅਸਲ ਖਪਤ ਨਾਲੋਂ 50 ਫੀਸਦੀ ਘੱਟ ਹੈ। ਖਪਤਕਾਰ ਦੇ ਖਾਤੇ ਦੀ ਜਾਂਚ ਕੀਤੀ ਗਈ ਅਤੇ 36.73 ਲੱਖ ਰੁਪਏ ਦੀ ਰਕਮ ਵਸੂਲੀ ਗਈ।
ਵੀਡੀਓ ਲਈ ਕਲਿੱਕ ਕਰੋ -: