ਜਲੰਧਰ ਦੇ ਤਾਜਪੁਰ (ਖੁਰਲਾ ਕਿੰਗਰਾ, ਲਾਂਬੜਾ) ਸਥਿਤ ਚਰਚ ‘ਚ ਬੀਮਾਰੀ ਦੇ ਇਲਾਜ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ ‘ਤੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪ੍ਰੇਅਰ ਨਾਲ ਠੀਕ ਕਰਨ ਦੇ ਬਦਲੇ 65 ਹਜ਼ਾਰ ਰੁਪਏ ਲਏ ਗਏ ਪਰ ਬੱਚਾ ਬਚ ਨਾ ਸਕਿਆ। ਦਿੱਲੀ ਦੇ ਨੰਗਲੋਈ ਦਾ ਪਰਿਵਾਰ ਆਪਣੇ ਬੱਚੇ ਦੇ ਇਲਾਜ ਲਈ ਇਸ਼ਤਿਹਾਰ ਦੇਖ ਕੇ ਚਰਚ ਆਇਆ ਸੀ, ਪਰ ਪੈਸੇ ਵੀ ਚਲੇ ਗਏ ਅਤੇ ਬੱਚਾ ਨਹੀਂ ਬਚਿਆ। ਬੱਚੇ ਦੀ ਪ੍ਰੇਅਰ ਦੌਰਾਨ ਹੀ ਮੌਤ ਹੋ ਗਈ।
ਦੇਰ ਰਾਤ ਦੀ ਪ੍ਰੇਅਰ ਦੌਰਾਨ ਬੱਚੇ ਦੀ ਮੌਤ ਹੋਣ ‘ਤੇ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਦਿੱਲੀ ਦੇ ਨੰਗਲੋਈ ਤੋਂ ਆਏ ਬੱਚੇ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਚਰਚ ਦਾ ਇਸ਼ਤਿਹਾਰ ਦੇਖਿਆ ਸੀ, ਜਿਸ ਵਿਚ ਮਰੇ ਹੋਏ ਬੱਚਿਆਂ ਨੂੰ ਵੀ ਠੀਕ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੈ ਕੇ ਚਰਚ ਪਹੁੰਚੀ, ਜਿਸ ਨੂੰ ਬ੍ਰੇਨ ਟਿਊਮਰ ਸੀ। ਚਰਚ ਵਿਚ ਪਾਦਰੀ ਬਰਜਿੰਦਰਾ ਨੇ ਉਸ ਅੱਗੇ ਵਿਸ਼ੇਸ਼ ਪ੍ਰਾਰਥਨਾ ਲਈ ਪੰਦਰਾਂ ਹਜ਼ਾਰ ਰੁਪਏ ਮੰਗੇ। ਉਸ ਨੇ 15 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਵੀ ਬੱਚਾ ਠੀਕ ਨਹੀਂ ਹੋਇਆ।
ਇਸ ਤੋਂ ਬਾਅਦ ਉਹ ਫਿਰ ਪਾਦਰੀ ਕੋਲ ਗਏ ਅਤੇ ਉਸ ਨੂੰ ਦੱਸਿਆ ਕਿ ਬੱਚੇ ਨੂੰ ਕੋਈ ਫਰਕ ਨਹੀਂ ਪਿਆ। ਇਸ ਤੋਂ ਬਾਅਦ ਪਾਦਰੀ ਨੇ ਕਿਹਾ ਕਿ ਵਿਸ਼ੇਸ਼ ਪ੍ਰੇਅਰ ਕਰਨੀ ਪਏਗੀ ਪਰ ਉਸ ਦੇ ਚਾਰਜਿਸ ਜ਼ਿਆਦਾ ਸਨ। ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਤਾਂ ਪੁਜਾਰੀ ਨੇ ਕਿਹਾ ਕਿ 50000 ਰੁਪਏ ਖਰਚਾ ਆਏਗਾ। ਪਰਿਵਾਰ ਨੇ ਪਾਦਰੀ ਨੂੰ 50000 ਰੁਪਏ ਵੀ ਦਿੱਤੇ ਪਰ ਤਾਜਪੁਰ ਚਰਚ ‘ਚ ਪ੍ਰੇਅਰ ਦੌਰਾਨ ਹੀ ਬੱਚੇ ਦੀ ਜਾਨ ਚਲੀ ਗਈ।
ਦੇਸ਼ ਦੇ ਸਭ ਤੋਂ ਵੱਡੇ ਮੈਡੀਕਲ ਇੰਸਟੀਚਿਊਟ ਆਲ ਇੰਡੀਆ ਮੈਡੀਕਲ ਇੰਸਟੀਚਿਊਟ (ਏਮਜ਼) ਦੇ ਡਾਕਟਰਾਂ ਨੇ ਵੀ ਬੱਚੇ ਦੀ ਬੀਮਾਰੀ ‘ਤੇ ਹੱਥ ਖੜ੍ਹੇ ਕਰ ਦਿੱਤੇ ਸਨ, ਉਥੇ ਹੀ ਪਾਦਰੀ ਨੇ ਪ੍ਰੇਅਰ ਨਾਲ ਇਲਾਜ ਕਰਨ ਦਾ ਦਾਅਵਾ ਕੀਤਾ ਸੀ। ਏਮਜ਼ ਦੇ ਡਾਕਟਰਾਂ ਨੇ ਬੱਚੇ ਦੇ ਮਾਪਿਆਂ ਨੂੰ ਕੈਂਸਰ ਲਾਸਟ ਸਟੇਜ ‘ਤੇ ਹੋਣ ‘ਤੇ ਘਰ ‘ਚ ਸੇਵਾ ਕਰਨ ਦੀ ਸਲਾਹ ਦਿੱਤੀ ਸੀ।
ਇਹ ਵੀ ਪੜ੍ਹੋ : ਕੁੜੀਆਂ ਨੂੰ ਸ਼ਿਕਾਰ ਬਣਾਉਣ ਵਾਲਾ ਜਲੰਧਰ ਦਾ ਬੰਦਾ ਸਾਥੀਆਂ ਸਣੇ ਕਾਬੂ, 5 ਵਿਆਹ ਕਰਵਾ ਠੱਗੇ ਲੱਖਾਂ ਰੁ.
ਹੰਗਾਮੇ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਪਰ ਪੁਲਿਸ ਨੇ ਪਰਿਵਾਰ ਨੂੰ ਕੋਈ ਕਾਨੂੰਨੀ ਮਦਦ ਦੇਣ ਦੀ ਬਜਾਏ ਕਾਰ ਰਾਹੀਂ ਵਾਪਸ ਦਿੱਲੀ ਭੇਜ ਦਿੱਤਾ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਲਾਂਬੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਨੂੰ ਮੌਕੇ ‘ਤੇ ਭੇਜਿਆ ਗਿਆ ਹੈ | ਪਰਿਵਾਰਕ ਮੈਂਬਰਾਂ ਨੇ ਜਾਂਚ ਅਧਿਕਾਰੀ ਨੂੰ ਸ਼ਿਕਾਇਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਉਨ੍ਹਾਂ ਦੀ ਮ੍ਰਿਤਕ ਦੇਹ ਨਾਲ ਦਿੱਲੀ ਜਾਣ ਦਾ ਪ੍ਰਬੰਧ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: