ਪੰਜਾਬ ਵਿੱਚ ਹੁਣ ਜਦੋਂ ਕੈਦੀ ਜੇਲ੍ਹ ਅੰਦਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਗੇ ਤਾਂ ਉਨ੍ਹਾਂ ਦੇ ਸਾਹਮਣੇ ਕੋਈ ਜਾਲੀ ਜਾਂ ਸ਼ੀਸ਼ੇ ਦੀ ਕੰਧ ਨਹੀਂ ਹੋਵੇਗੀ। ਹੁਣ ਤੋਂ ਜੇਲ੍ਹ ਦੇ ਕੈਦੀ ਆਪਣੇ ਪਰਿਵਾਰਾਂ ਨੂੰ ਗਲੇ ਲਗਾ ਸਕਣਗੇ ਅਤੇ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣਗੇ। ਬਸ਼ਰਤੇ ਕਿ ਕੈਦੀ ਦਾ ਚਾਲ-ਚਲਣ ਦੂਜੇ ਕੈਦੀਆਂ ਅਤੇ ਜੇਲ੍ਹ ਸਟਾਫ ਨਾਲ ਚੰਗਾ ਹੋਵੇ। ਪੰਜਾਬ ਸਰਕਾਰ ਨੇ ਜਾਦੂ ਦੀ ਜੱਫੀ (ਫੈਮਿਲੀ ਮੀਟ) ਪ੍ਰੋਗਰਾਮ ਤਹਿਤ ਇੱਕ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਰਿਸ਼ਤੇਦਾਰਾਂ ਨੂੰ ਮਿਲਣ ਵੇਲੇ ਲੋਹੇ ਦੀ ਜਾਅਲੀ ਜਾਂ ਕੱਚ ਦੀ ਕੰਧ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਜਿਨ੍ਹਾਂ ਕੈਦੀਆਂ ਦਾ ਚਾਲ-ਚਲਣ ਠੀਕ ਹੋਵੇਗਾ, ਉਨ੍ਹਾਂ ਨੂੰ ‘ਜਾਦੂ ਦੀ ਜੱਫੀ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਜੇਲ੍ਹ ਵਿੱਚ ਕੈਦੀਆਂ ਨਾਲ ਮੁਲਾਕਾਤ ਦੌਰਾਨ ਕੈਦੀ ਦੇ ਪਰਿਵਾਰ ਵਿੱਚੋਂ ਇੱਕ ਜਾਂ ਦੋ ਵਿਅਕਤੀਆਂ ਨੂੰ ਹੀ ਮਿਲਣ ਦਾ ਮੌਕਾ ਦਿੱਤਾ ਜਾਂਦਾ ਸੀ ਪਰ ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਪ੍ਰੋਗਰਾਮ ਤਹਿਤ ਚੰਗੇ ਆਚਰਣ ਵਾਲੇ ਕੈਦੀ ਨੂੰ ਉਸ ਦੇ ਪੂਰੇ ਪਰਿਵਾਰ ਨਾਲ ਬੈਠਣ ਦਾ ਮੌਕਾ ਦਿੱਤਾ ਜਾਵੇਗਾ ਉਹ ਵੀੀ ਇੱਕ ਘੰਟੇ ਲਈ।
ਇਹ ਵੀ ਪੜ੍ਹੋ : ਗੜਦੀਵਾਲਾ : ਕਾਲਜ ‘ਚ NCC ਟ੍ਰਾਇਲ ਦੌਰਾਨ ਦੌੜਣ ਵੇਲੇ B.Sc. ਦੀ ਵਿਦਿਆਰਥਣ ਦੀ ਮੌਤ
ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਜੇਲ੍ਹ ਦੇ ਅੰਦਰ ਵਿਸ਼ੇਸ਼ ਹਾਲ ਬਣਾਏ ਗਏ ਹਨ। ਇਸ ਵਿੱਚ ਨਾ ਤਾਂ ਜਾਲ ਹਨ ਤੇ ਨਾ ਹੀ ਕੱਚ ਦੀਆਂ ਕੰਧਾਂ ਹਨ। ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੀ ਸੁਧਾਰ ਨੀਤੀ ਨੂੰ ਮੁੱਖ ਰੱਖਦਿਆਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨਾਲ ਕੈਦੀਆਂ ਅਤੇ ਹਵਾਲਾਤੀਆਂ ਨੂੰ ਆਪਣਾ ਆਚਰਣ ਸਹੀ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜੇਲ੍ਹ ਵਿੱਚ ਕੈਦੀ ਆਪਣੇ ਪਰਿਵਾਰਾਂ ਨਾਲ ਬੈਠ ਕੇ ਆਪਣੀਆਂ ਖੁਸ਼ੀਆਂ ਤੇ ਦੁੱਖ ਸਾਂਝਾ ਕਰ ਸਕਣਗੇ। ਜੇਲ੍ਹ ਤੋਂ ਬਾਹਰ ਆਉਣ ਤੱਕ ਇਹ ਪਰਿਵਾਰ ਨਾਲ ਕੜੀ ਵਜੋਂ ਕੰਮ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: