ਚੰਡੀਗੜ੍ਹ : ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਘਟਨਾਵਾਂ ਆਮ ਵੇਖਣ-ਸੁਣਨ ਨੂੰ ਮਿਲ ਜਾਂਦੀਆਂ ਹਨ, ਜਿਸ ਨਾਲ ਕਈ ਵਾਰ ਜਾਨੀ ਨੁਕਸਾਨ ਵੀ ਹੋਇਆ ਹੈ। ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਅਤੇ ਜਾਨਵਰਾਂ ਖ਼ਿਲਾਫ਼ ਬੇਰਹਿਮ ਰਵੱਈਏ ਨੂੰ ਰੋਕਣ ਲਈ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਈ ਅਹਿਮ ਕਦਮ ਚੁੱਕੇ ਜਾਣ ਦੇ ਫੈਸਲੇ ਲਏ ਗਏ।
ਇਸ ਸਮੱਸਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਅਤੇ ਇਨ੍ਹਾਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਨਸਬੰਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਮਕਸਦ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਐਂਟੀ ਬਰਥ ਕੰਟਰੋਲ ਅਤੇ ਐਂਟੀ-ਰੇਬੀਜ਼ (ਏ.ਬੀ.ਸੀ./ ਏ.ਆਰ.) ਪ੍ਰੋਗਰਾਮ ਨੂੰ ਹੋਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਮਿਊਂਸਿਪਲ ਪੱਧਰ ’ਤੇ ਵੈਟਰਨਰੀ ਡਾਕਟਰਾਂ ਦੀ ਸਹਾਇਤਾ ਲਈ ਜਾਵੇਗੀ।
ਵਿਆਪਕ ਨਸਬੰਦੀ ਮੁਹਿੰਮ ਚਲਾਉਣ ਤੋਂ ਇਲਾਵਾ ਅਵਾਰਾ ਕੁੱਤਿਆਂ ਦੇ ਖ਼ਤਰੇ ਨੂੰ ਰੋਕਣ ਦੇ ਨਾਲ-ਨਾਲ ਜਾਨਵਰਾਂ, ਖਾਸ ਕਰਕੇ ਅਵਾਰਾ ਕੁੱਤਿਆਂ ਖ਼ਿਲਾਫ਼ ਬੇਰਹਿਮ ਰਵੱਈਏ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਸਹਿਯੋਗ ਮੰਗਣ ਵਾਸਤੇ ਛੇਤੀ ਹੀ ਇੱਕ ਵੱਖਰੇ ਤੌਰ ’ਤੇ ਮੁਹਿੰਮ ਵਿੱਢੀ ਜਾਵੇਗੀ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖਬਰ :ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਇਮਤਿਹਾਨ ਦੀ ਤਰੀਕ ਦਾ ਐਲਾਨ
ਇਸ ਦੇ ਨਾਲ ਮੁੱਖ ਸਕੱਤਰ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਸ਼ਹਿਰੀ ਸੰਸਥਾਵਾਂ ਸਿਰਫ਼ ਉਨ੍ਹਾਂ ਪਸ਼ੂ ਭਲਾਈ ਸੰਸਥਾਵਾਂ/ ਗ਼ੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਇਸ ਕਾਰਜ ਵਿੱਚ ਸ਼ਾਮਲ ਕਰਨ ਜਿਨ੍ਹਾਂ ਨੂੰ ਏ.ਬੀ.ਸੀ./ ਏ.ਆਰ. ਪ੍ਰੋਗਰਾਮ ਨੂੰ ਚਲਾਉਣ ਲਈ ਭਾਰਤੀ ਪਸ਼ੂ ਭਲਾਈ ਬੋਰਡ ਤੋਂ ਲੋੜੀਂਦੀ ਆਗਿਆ ਮਿਲੀ ਹੋਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੁਣ ਤੱਕ 1.7 ਲੱਖ ਤੋਂ ਵੱਧ ਅਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ।