ਨਰਿੰਦਰ ਮੋਦੀ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਖਿਲਾਫ ਦੇਸ਼ ਭਰ ‘ਚ ਹੰਗਾਮਾ ਜਾਰੀ ਹੈ। ਕਈ ਰਾਜਾਂ ਵਿੱਚ ਟਰੇਨਾਂ ਨੂੰ ਅੱਗ ਵੀ ਲਗਾਈ ਗਈ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਦਿੱਲੀ ‘ਚ ਅਗਨੀਪਥ ਯੋਜਨਾ ਦੇ ਖਿਲਾਫ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੇ ਵਿਰੋਧ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ITO ਅਤੇ ਧਨਸਾ ਮੈਟਰੋ ਸਟੇਸ਼ਨਾਂ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ।
ਆਇਸਾ ਦੇ ਮੈਂਬਰਾਂ ਨੇ ਪੁਲਿਸ ਦੇ ਰਵੱਈਏ ਖਿਲਾਫ ਪ੍ਰਦਰਸ਼ਨ ਵੀ ਕੀਤਾ। ਡੀਐਮਆਰਸੀ ਨੇ ਟਵੀਟ ਕੀਤਾ, ‘ਆਈਟੀਓ ਅਤੇ ਧਨਸਾ ਮੈਟਰੋ ਸਟੇਸ਼ਨ ਦੇ ਸਾਰੇ ਦਰਵਾਜ਼ੇ ਬੰਦ ਹਨ।’ ਡੀਐਮਆਰਸੀ ਨੇ ਕਿਹਾ ਕਿ ਦਿੱਲੀ ਗੇਟ ਅਤੇ ਜਾਮਾ ਮਸਜਿਦ ਸਣੇ ਕੁਝ ਹੋਰ ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟਾਂ ਨੂੰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਬਾਅਦ ਵਿੱਚ ਸਾਰੇ ਸਟੇਸ਼ਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ।
ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ‘ਹਥਿਆਰਬੰਦ ਬਲਾਂ ਵਿਚ ਸਾਰੀਆਂ ਖਾਲੀ ਅਸਾਮੀਆਂ ‘ਤੇ ਤੁਰੰਤ ਪੱਕੇ ਤੌਰ ‘ਤੇ ਭਰਤੀ ਕੀਤੀ ਜਾਵੇ’, ‘ਅਗਨੀਪਥ ਸਕੀਮ ਵਾਪਸ ਲਓ’ ਅਤੇ ‘ਮੋਦੀ ਸਰਕਾਰ ਜਾਗ ਜਾਓ’ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਆਈਟੀਓ ’ਤੇ ਵੀ ਨਾਅਰੇਬਾਜ਼ੀ ਕੀਤੀ ਗਈ।
ਪ੍ਰਦਰਸ਼ਨਕਾਰੀਆਂ ਨੇ ‘ਅਗਨੀਪਥ ਵਾਪਸ ਲਓ, ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾਏ। ਵਿਦਿਆਰਥੀਆਂ ਦੇ ਗਰੁੱਪ ਨੇ ਦਾਅਵਾ ਕੀਤਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਕਈ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਦੱਸ ਦੇਈਏ ਕਿ ਅਗਨੀਪਥ ਯੋਜਨਾ ਦੇ ਵਿਰੋਧ ਕਰਕੇ ਹੁਣ ਤੱਕ 200 ਤੋਂ ਵੱਧ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 35 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ, ਜਦਕਿ 13 ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਪ੍ਰਦਰਸ਼ਨ ਦਾ ਸਭ ਤੋਂ ਵੱਧ ਅਸਰ ਪੂਰਬੀ ਮੱਧ ਰੇਲਵੇ ‘ਤੇ ਪਿਆ ਹੈ, ਜੋ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਨੂੰ ਕਵਰ ਕਰਦਾ ਹੈ। ਇਨ੍ਹਾਂ ਸੂਬਿਆਂ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ।
ਅਜਿਹੇ ‘ਚ ਪੂਰਬੀ ਮੱਧ ਰੇਲਵੇ ਨੇ ਵੀ ਪ੍ਰਦਰਸ਼ਨ ਨੂੰ ਦੇਖਦੇ ਹੋਏ ਅੱਠ ਟਰੇਨਾਂ ਦੇ ਸੰਚਾਲਨ ‘ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਨ੍ਹਾਂ ਟਰੇਨਾਂ ਦੀ ਆਵਾਜਾਈ ‘ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਮੁਤਾਬਕ ਇਨ੍ਹਾਂ ਦੇ ਸੰਚਾਲਨ ਬਾਰੇ ਫੈਸਲਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਟਰੇਨਾਂ ਅਤੇ ਇਕ ਖਾਲੀ ਟਰੇਨ ਨੂੰ ਨੁਕਸਾਨ ਪਹੁੰਚਾਇਆ। ਉੱਤਰ ਪ੍ਰਦੇਸ਼ ਦੇ ਬਲੀਆ ‘ਚ ਵਾਸ਼ਿੰਗ ਲਾਈਨ ‘ਤੇ ਖੜ੍ਹੀ ਰੇਲਗੱਡੀ ਦਾ ਇੱਕ ਡੱਬਾ ਵੀ ਨੁਕਸਾਨਿਆ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਬਲੀਆ ‘ਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਇਕ ਖਾਲੀ ਟਰੇਨ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਟਰੇਨਾਂ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਪੁਲਿਸ ਨੂੰ ਉਨ੍ਹਾਂ ‘ਤੇ ਲਾਠੀਚਾਰਜ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸਿਕੰਦਰਾਬਾਦ ਰੇਲਵੇ ਸਟੇਸ਼ਨ ਦੀ ਭੰਨਤੋੜ ਕੀਤੀ ਅਤੇ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ।