ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਨੇਡਾ ਦੀ ਧਰਤੀ ਤੋਂ ਸਰਗਰਮ ਗੈਂਗਸਟਰਾਂ ਨੂੰ ਫੜਨ ਲਈ ਕੈਨੇਡਾ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਇਹ ਮੁੱਦਾ ਕੈਨੇਡੀਅਨ ਹਾਈ ਕਮਿਸ਼ਨਰ ਕੈਮਰਨ ਮੈਕੇ ਕੋਲ ਚੁੱਕਿਆ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
CM ਮਾਨ ਨੇ ਦੋਵਾਂ ਦੇਸ਼ਾਂ ਵਿੱਚ ਗੈਂਗਸਟਰਾਂ ਦੇ ਵਧਣ ‘ਤੇ ਚਿੰਤਾ ਪ੍ਰਗਟਾਈ। ਮਾਨ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦੱਸਿਆ ਕਿ ਕੈਨੇਡਾ ਦੀ ਧਰਤੀ ਤੋਂ ਸਰਗਰਮ ਗੈਂਗਸਟਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਾਲ ਹੀ ਸੂਬੇ ਦੀ ਤਰੱਕੀ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ।
ਗੈਂਗਸਟਰਾਂ ਵਿਰੁੱਧ ਸਖ਼ਤ ਸਜ਼ਾਵਾਂ ਦੀ ਵਕਾਲਤ ਕਰਦੇ ਹੋਏ, ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦੀਆਂ ਸਭ ਤੋਂ ਸਖ਼ਤ ਧਾਰਾਵਾਂ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਦੂਜੇ ਇਸ ਤੋਂ ਸਬਕ ਲੈ ਸਕਣ ਅਤੇ ਅਜਿਹਾ ਕਰਨ ਤੋਂ ਗੁਰੇਜ਼ ਕਰਨ। ਮੁੱਖ ਮੰਤਰੀ ਨੇ ਕੈਨੇਡਾ ਅਤੇ ਪੰਜਾਬ ਦਰਮਿਆਨ ਸਾਂਝੇ ਪੁਲਿਸ ਆਪ੍ਰੇਸ਼ਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਦੋਵੇਂ ਸੂਬਿਆਂ ਨੂੰ ਗੈਂਗਸਟਰਾਂ ਤੋਂ ਮੁਕਤ ਕਰਵਾਉਣ ਦਾ ਇਹ ਇੱਕੋ ਇੱਕ ਰਸਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਦੀ ਆਧੁਨਿਕ ਪੁਲਿਸ ਫੋਰਸ ਪੰਜਾਬ ਦੀ ਪੁਲਿਸ ਨਾਲ ਸਹਿਯੋਗ ਕਰੇ ਤਾਂ ਗੈਂਗਸਟਰਾਂ ਨੂੰ ਆਸਾਨੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਹਾਈ ਕਮਿਸ਼ਨਰ ਨੂੰ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਡੱਕਣ ਲਈ ਪੰਜਾਬ ਅਤੇ ਕੈਨੇਡਾ ਦੇ ਪੁਲਿਸ ਬਲਾਂ ਦਰਮਿਆਨ ਸਿੱਧੇ ਤਾਲਮੇਲ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ। CM ਮਾਨ ਨੇ ਕਿਹਾ ਕਿ ਗੈਂਗਸਟਰਾਂ ਦੀਆਂ ਕਾਰਵਾਈਆਂ ਦੋਵਾਂ ਦੇਸ਼ਾਂ ਦੇ ਜੀਵਨ, ਆਰਥਿਕਤਾ ਅਤੇ ਸਮਾਜ ਲਈ ਗੰਭੀਰ ਖਤਰਾ ਪੈਦਾ ਕਰ ਰਹੀਆਂ ਹਨ, ਇਸ ਲਈ ਇਨ੍ਹਾਂ ਨੂੰ ਖਤਮ ਕਰਨਾ ਸਮੇਂ ਦੀ ਵੱਡੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: