ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲੀ ਬੱਚਿਆਂ ਲਈ ਨਵੀਆਂ ਗਾਈਡਲਾਈਜ਼ ਜਾਰੀ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ 16 ਮਈ ਤੋਂ ਆਨਲਾਈਨ ਕਲਾਸਾਂ ਲੈਣ ਦਾ ਫੈਸਲਾ ਲਿਆ ਗਿਆ ਸੀ ਜਿਸ ਨੂੰ ਤੁਰੰਤ ਬਦਲਿਆਂ ਸੂਬਾ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਨਵੇਂ ਜਾਰੀ ਹੁਕਮਾਂ ਮੁਤਾਬਕ ਹੁਣ 16 ਮਈ ਤੋਂ ਲੈ ਕੇ 30 ਮਈ ਤੱਕ ਸਕੂਲੀ ਬੱਚਿਆਂ ਦੀਆਂ ਆਫਲਾਈਨ ਕਲਾਸਾਂ ਹੀ ਲੱਗਣਗੀਆਂ ਤੇ ਬੱਚੇ ਘਰ ਬੈਠ ਕੇ ਨਹੀਂ ਪੜ੍ਹ ਸਕਣਗੇ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਇਸ ਲਈ ਲਿਆ ਗਿਆ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਕਾਲ ਵਿਚ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਕਾਫੀ ਪ੍ਰਭਾਵਿਤ ਹੋਈ ਹੈ ਤੇ ਹੁਣ ਫਿਰ ਤੋਂ ਛੁੱਟੀਆਂ ਕਰਕੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ।
ਪਰ ਇਸ ਦੇ ਨਾਲ ਹੀ ਮਾਨ ਸਰਕਾਰ ਵੱਲੋਂ ਗਰਮੀ ਤੋਂ ਬੱਚਿਆਂ ਦੇ ਬਚਾਅ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਲਈ ਸਕੂਲੀ ਬੱਚਿਆਂ ਦੇ ਸਮੇਂ ਵਿਚ ਬਦਲਾਅ ਕਰ ਦਿੱਤਾ ਗਿਆ ਹੈ ਜਿਥੇ ਪਹਿਲਾਂ ਬੱਚਿਆਂ ਦਾ ਸਕੂਲ 7 ਘੰਟੇ ਲੱਗਦਾ ਸੀ ਹੁਣ ਉਸ ਨੂੰ ਘਟਾ ਕੇ 4-5 ਘੰਟੇ ਕਰ ਦਿੱਤਾ ਗਿਆ ਹੈ।
ਇੱਕ ਹੋਰ ਹਦਾਇਤ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਕੂਲਾਂ ਵੱਲੋਂ ਜਿਹੀਆਂ ਵੀ ਆਊਟਡੋਰ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ ਉਹ ਸਵੇਰੇ-ਸਵੇਰੇ ਹੀ ਕਰਵਾਈਆਂ ਜਾਣ। ਅਸੈਂਬਲੀ ਨੂੰ ਘੱਟ ਸਮੇਂ ਵਿਚ ਖਤਮ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਯੂਨੀਫਾਰਮ ਵਿਚ ਬਦਲਾਅ ਕੀਤਾ ਗਿਆ ਹੈ। ਬੱਚੇ ਸਕੂਲ ਵਿਚ ਢਿੱਲੇ ਤੇ ਹਲਕੇ ਰੰਗ ਦੇ ਕੱਪੜੇ ਪਾ ਕੇ ਸਕੂਲ ਜਾ ਸਕਦੇ ਹਨ ਤੇ ਨਾਲ-ਨਾਲ ਟਾਈ ਵੀ ਢਿੱਲੀ ਬੰਨ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚਮੜੇ ਦੇ ਬੂਟਾਂ ਦੀ ਥਾਂ ਕੈਨਵਸ ਦੇ ਬੂਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗਰਮੀਆਂ ਦੀਆਂ ਛੁੱਟੀਆਂ ਵੀ ਘਟਾ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: