ਸਿੱਧੂ ਮੂਸੇਵਾਲਾ ਬੀਤੇ ਐਤਵਾਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਦੋ ਸਾਥੀ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਵੀ ਨਾਲ ਸਨ ਜੋ ਕਿ ਗੰਭੀਰ ਜ਼ਖਮੀ ਹੋ ਗਏ ਸਨ। ਸਰਦੂਲਗੜ੍ਹ ਹਲਕੇ ਤੋਂ ਆਪ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਲੀ ਅੱਜ ਇਨ੍ਹਾਂ ਦੋਵੇਂ ਸਾਥੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਇਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਤੇ ਨਾਲ ਹੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਸਲਾ ਲਿਆ ਹੈ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ‘ਆਪ’ ਵਿਧਾਇਕ ਨੇ ਦੱਸਿਆ ਕਿ ਹੁਣ ਦੋਵੇਂ ਨੌਜਵਾਨ ਖਤਰੇ ਤੋਂ ਬਾਹਰ ਹਨ ਤੇ ਨਾਲ ਹੀ ਉਨ੍ਹਾਂ ਨੇ ਡਾਕਟਰਾਂ ਨੂੰ ਦੋਵਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ । ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਜਦੋਂ ਹਮਲਾਵਰ ਸਿੱਧੂ ‘ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ ‘ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ।
ਪੰਜਾਬ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ 2 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਗੋਲਡੀ ਬਰਾੜ ਨੂੰ ਪੁੱਛਗਿਛ ਲਈ ਕੈਨੇਡਾ ਤੋਂ ਭਾਰਤ ਲਿਆਂਦਾ ਜਾਵੇਗਾ ਤੇ ਨਾਲ ਹੀ ਲਾਰੈਂਸ ਬਿਸ਼ਨੋਈ ਜਿਸ ਨੂੰ ਕਿ ਐਕਾਊਂਟਰ ਦਾ ਡਰ ਸਤਾ ਰਿਹਾ ਹੈ, ਨੂੰ ਵੀ ਜਾਂਚ ਲਈ ਦਿੱਲੀ ਤੋਂ ਪੰਜਾਬ ਰਿਮਾਂਡ ‘ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: