ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਇਕ ਹੌਂਸਲੇ ਵਾਲੇ ਨੌਜਵਾਨ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ‘ਤੇ ਚੜ੍ਹ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਚੋਟੀ ਦੀ ਉਚਾਈ 5895 ਮੀਟਰ ਹੈ। ਉਸ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਇਹ ਪ੍ਰਾਪਤੀ ਕੀਤੀ।
ਉਹ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਮੁਹਿੰਮਾਂ ਨੂੰ ਸਫਲਤਾਪੂਰਵਕ ਪੂਰਾ ਕਰ ਚੁੱਕਾ ਹੈ। ਰਾਮਚੰਦਰ ਦੀ ਇਸ ਪ੍ਰਾਪਤੀ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੀਨੂੰ ਦੁੱਗਲ ਨੇ ਨੌਜਵਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਮਚੰਦਰ ਦਾ ਇਹ ਦਲੇਰਾਨਾ ਕਦਮ ਹੋਰਨਾਂ ਨੌਜਵਾਨਾਂ ਲਈ ਵੀ ਮਾਰਗ ਦਰਸ਼ਕ ਦਾ ਕੰਮ ਕਰੇਗਾ। ਆਪਣੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਰਾਮਚੰਦਰ ਨੇ ਦੱਸਿਆ ਕਿ ਉਹ ਆਪਣੀ ਟੀਮ ਅਤੇ ਸਾਥੀਆਂ ਸਣੇ 21 ਜਨਵਰੀ ਨੂੰ ਕਿਲੀ ਹਵਾਈ ਅੱਡੇ ‘ਤੇ ਪੁੱਜੇ ਅਤੇ ਇਕ ਦਿਨ ਦੇ ਆਰਾਮ ਤੋਂ ਬਾਅਦ 23 ਜਨਵਰੀ ਨੂੰ ਮੋਸੀ ਨਾਮਕ ਪਿੰਡ ਤੋਂ ਟ੍ਰੈਕਿੰਗ ਸ਼ੁਰੂ ਕੀਤੀ।
ਉਸਨੇ 25 ਜਨਵਰੀ ਦੀ ਰਾਤ ਨੂੰ ਕਿਬੋ ਬੇਸ ਕੈਂਪ ਤੋਂ ਆਪਣੀ ਮੁਹਿੰਮ ਦੇ ਆਖਰੀ ਪੜਾਅ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਸਟੈਲਾ ਨਾਂ ਦੇ ਇਕ ਹੋਰ ਸਟਾਪ ‘ਤੇ 350 ਫੁੱਟ ਵੱਡਾ ਤਿਰੰਗਾ ਲਹਿਰਾਇਆ, ਪਰ ਇੱਥੇ ਉਸ ਨਾਲ ਇਕ ਹਾਦਸਾ ਵੀ ਵਾਪਰਿਆ, ਇੱਥੇ ਉਸ ਦਾ ਬੈਗ ਚੋਰੀ ਹੋ ਗਿਆ, ਜਿਸ ਵਿਚ ਉਸ ਦਾ ਪਾਸਪੋਰਟ ਅਤੇ ਹੋਰ ਸਾਮਾਨ ਚੋਰੀ ਹੋ ਗਿਆ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ‘ਤੇ ਕੈਪਟਨ ਨੇ ਲਾਇਆ ਵਿਰਾਮ!
ਮਾਇਨਸ 15 ਤੋਂ 20 ਡਿਗਰੀ ਤਾਪਮਾਨ ਅਤੇ ਤੇਜ਼ ਤੂਫਾਨ ਵਿੱਚ ਵੀ ਰਾਮਚੰਦਰ ਨੇ ਆਪਣੇ ਹੌਂਸਲੇ ਨੂੰ ਡੋਲਣ ਨਹੀਂ ਦਿੱਤਾ। ਕੜਾਕੇ ਦੀ ਠੰਢ ਕਾਰਨ ਉਸ ਨੂੰ ਉਲਟੀਆਂ ਲੱਗ ਗਈਆਂ ਪਰ ਉਸ ਨੇ ਹਿੰਮਤ ਨਾਲ ਆਪਣੀ ਮੁਹਿੰਮ ਜਾਰੀ ਰੱਖੀ ਅਤੇ 26 ਜਨਵਰੀ ਨੂੰ ਸਵੇਰੇ 9.30 ਵਜੇ ਅਫ਼ਰੀਕਾ ਮਹਾਦੀਪ ਦੀ 19341 ਫੁੱਟ ਉੱਚੀ ਚੋਟੀ ‘ਤੇ ਚੜ੍ਹਾਈ ਕੀਤੀ।
ਪਾਸਪੋਰਟ ਚੋਰੀ ਹੋਣ ਕਾਰਨ ਉਸ ਨੂੰ ਆਪਣੀ ਵਾਪਸੀ ਟਿਕਟ ਵੀ ਅੱਗੇ ਭੇਜਣੀ ਪਈ ਅਤੇ ਭਾਰਤੀ ਦੂਤਾਵਾਸ ਅਤੇ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਉਸ ਨੂੰ ਡੁਪਲੀਕੇਟ ਪਾਸਪੋਰਟ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਰਾਮਚੰਦਰ ਬੁੱਧਵਾਰ ਸਵੇਰੇ ਮੁੰਬਈ ਹਵਾਈ ਅੱਡੇ ‘ਤੇ ਵਾਪਸ ਆ ਗਿਆ।
ਵੀਡੀਓ ਲਈ ਕਲਿੱਕ ਕਰੋ -: