ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਹੂੰਝਾ ਫੇਰ ਜਿੱਤ ਵੱਲ ਵੱਲ ਰਿਹਾ ਹੈ ਤੇ ਪੰਜਾਬੀਆਂ ਨੇ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਕਾਂਗਰਸ ਸਰਕਾਰ ਨੂੰ ਚਲਦਾ ਕਰਨ ਦਾ ਬਣ ਲਿਆ ਹੈ ਤੇ ਨਾਲ ਹੀ ਉਹ ਬਾਹਰਲਿਆਂ ਦੀ ਪਾਰਟੀ ਆਮ ਆਦਮੀ ਪਾਰਟੀ ’ਤੇ ਵਿਸਾਹ ਨਹੀਂ ਕਰਨਗੇ।
ਇਥੇ ਬੱਸੀ ਪਠਾਣਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ਿਵ ਕੁਮਾਰ ਅਤੇ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਦੇ ਹੱਕ ਵਿਚ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੌਰਾਨ ਇਕ ਵੀ ਲੋਕ ਪੱਖੀ ਫੈਸਲਾ ਨਹੀਂ ਲਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮਾੜੇ ਅਨਸਰਾਂ ਨੂੰ ਕਰੋੜਾਂ ਰੁਪਏ ‘ਚ ਟਿਕਟਾਂ ਵੇਚ ਕੇ ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਠੁਕਰਾ ਕੇ ਅਕਾਲੀ ਦਲ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ।
ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਹੱਲਾ ਬੋਲਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਐਸ ਸੀ ਸਕਾਲਰਸ਼ਿਪ ਸਕੀਮ ਅਤੇ ਲੜਕੀਆਂ ਲਈ ਮੁਫਤ ਸਾਈਕਲਾਂ ਦੀ ਵੰਡ ਬੰਦ ਕਰ ਦਿੱਤੀ। ਇਸਨੇ ਖੇਡ ਕਿੱਟਾਂ ਅਤੇ ਮੁਫਤ ਜਿਮ ਦੀ ਵੰਡ ਵੀ ਬੰਦ ਕਰ ਦਿੱਤੀ ਜਦੋਂ ਕਿ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਇਹਨਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਬੰਦ ਕਰ ਕੇਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਦੂਰ ਰੱਖਿਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨ ਅਤੇ ਉਨ੍ਹਾਂ ਵੱਲੋਂ ਆਰੰਭੇ ਮਾਫੀਆ ਰਾਜ ਤੋਂ ਚੌਕਸ ਰਹਿਣ। ਉਨ੍ਹਾਂ ਕਿਹਾ ਕਿ ਚੰਨੀ ਦੇ ਭਾਣਜੇ ਹਨੀ ਦੇ ਘਰੋਂ 10 ਕਰੋੜ ਰੁਪਏ ਦੀ ਬਰਾਮਦੀ ਤਾਂ ਹਾਲੇ ਸਿਰ ਤਿਣਕਾ ਮਾਤਰ ਹੈ ਅਤੇ ਚੰਨੀ ਦੇ ਮੋਰਿੰਡਾ ਵਿਚ ਪ੍ਰਾਈਵੇਟ ਘਰ ਵਿਚੋਂ ਕਰੋੜਾਂ ਰੁਪਏ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਭੇਜ ਦਿੱਤੇ ਗਏ ਸਨ।
ਸ. ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਕਰੜੇ ਹੱਥੀਂ ਲਿਆ ਤੇ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਉਹ ਕਿੰਨੀ ਵਾਰ ਪੰਜਾਬ ਆਏ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਤਾਂ ਦਿੱਲੀ ਦਾ ਮੁੱਖ ਮੰਤਰੀ ਹੁੰਦੇ ਹੋਏ ਕੋਰੋਨਾ ਕਾਲ ਵਿਚ ਪੰਜਾਬੀਆਂ ਲਈ ਕੋਈ ਵੀ ਮੈਡੀਕਲ ਜਾਂ ਹੋਰ ਸਹੂਲਤ ਨਹੀਂ ਭੇਜੀ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਇਕ ਮੌਕਾ ਮੰਗ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਉਹ ਜਾਣਦੇ ਹਨ ਕਿ ਉਹ ਕੋਈ ਵੀ ਸੇਵਾ ਨਹੀਂ ਦੇ ਸਕਦੇ। ਉਨ੍ਹਾੰ ਕਿਹਾ ਕਿ ਬਜਾਏ ਪੰਜਾਬ ਲਈ ਕੁਝ ਕਰਨ ਦੇ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਲਈ ਹਿੱਸਾ ਮੰਗਿਆ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਫੌਜਦਾਰੀ ਕੇਸ ਕਰ ਕੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦਾ ਮਤਲਬ ਹੈ ਕਿ ਕਿਸਾਨਾਂ ਨੁੰ ਮਿਲ ਰਹੀ ਮੁਫਤ ਬਿਜਲੀ ਸਹੂਲਤ ਅਤੇ ਆਟਾ ਦਾਲ ਤੇ ਸ਼ਗਨ ਸਕੀਮ ਸਮੇਤ ਹੋਰ ਸਮਾਜ ਭਲਾਹੀ ਸਕੀਮਾਂ ਬੰਦ ਕਰਨਾ ਹੈ ਕਿਉਂਕਿ ਇਹ ਦਿੱਲੀ ਮਾਡਲ ਦਾ ਹਿੱਸਾ ਨਹੀਂ ਹੈ।
ਸ. ਬਾਦਲ ਨੇ ਕੇਜਰੀਵਾਲ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਬੰਧਤ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਪ੍ਰੋ. ਭੁੱਲਰ ਨੁੰ ਰਿਹਾਅ ਕਰਨ ਤੋਂ ਤਿੰਨ ਵਾਰ ਇਨਕਾਰ ਕਰ ਦਿੱਤਾ। ਅਕਾਲੀ ਦਲ ਦੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਝੁਠੀਆਂ ਸਹੁੰਆਂ ਖਾਣ ਅਤੇ ਲੋਕਾਂ ਤੋਂ ਫਾਰਮ ਭਰਵਾਉਣ ਵਿਚ ਵਿਸ਼ਵਾਸ ਨਹੀਂ ਰੱਖਦੀ। ਅਸੀਂ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਨਿਭਾਏ ਹਨ ਅਤੇ ਅੱਗੇ ਵੀ ਨਿਭਾਵਾਂਗੇ ਤੇ ਸਾਡਾ ਰਿਕਾਰਡ ਇਹ ਸਾਬਤ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: