ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਕਦੇ ਵੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਫੇਲ੍ਹ ਮਾਡਲ ਪੰਜਾਬ ‘ਚ ਲਾਗੂ ਕਰਨ ਦਾ ਮੌਕਾ ਨਹੀਂ ਦੇਣਗੇ। ਇਥੇ ਪਟਿਆਲਾ ਦਿਹਾਤੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਰਿਹਾਇਸ਼ ’ਤੇ ਅਨੇਕਾਂ ਸਰਪੰਚਾਂ ਤੇ ਸੀਨੀਅਰ ਆਗੂਆਂ ਸਮੇਤ 200 ਤੋਂ ਜ਼ਿਆਦਾ ਕਾਂਗਰਸੀਆਂ ਨੂੰ ਅਕਾਲੀ ਦਲ ‘ਚ ਸ਼ਾਮਲ ਕਰਨ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਦਾ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰਨ ਦਾ ਮਤਲਬ ਹੋਵੇਗਾ ਕਿ ਖੇਤੀਬਾੜੀ ਸੈਕਟਰ ਲਈ ਬਿਜਲੀ ਸਪਲਾਈ ਦੇ ਕਿਸਾਨਾਂ ਤੋਂ ਪੈਸੇ ਵਸੂਲ ਕਰਨੇ ਅਤੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਬਿਜਲੀ ਯੋਜਨਾ ਬੰਦ ਕਰ ਦੇਣਗੀ। ਇਸਦਾ ਇਹ ਮਤਲਬ ਵੀ ਹੋਵੇਗਾ ਕਿ ਘਰੇਲੂ ਤੇ ਉਦਯੋਗਿਕ ਖੇਤਰ ਵਾਸਤੇ ਬਿਜਲੀ 13 ਰੁਪਏ ਪ੍ਰਤੀ ਯੂਨਿਟ ਦੇਣੀ। ਉਨ੍ਹਾਂ ਸਵਾਲ ਕੀਤਾ ਕਿ ਕੀ ਅਸੀਂ ਇਹ ਚਾਹੁੰਦੇ ਹਾਂ ? ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਕਿ ਕੇਜਰੀਵਾਲ ਨੂੰ ਨਾਂਹ ਕਹਿ ਕੇ ਸੂਬੇ ਨੁੰ ਮੁੜ ਲੀਹ ’ਤੇ ਲਿਆਂਦਾ ਜਾਵੇ।
ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੇਜਰੀਵਾਲ ਨੇ ਹਮੇਸ਼ਾ ਅਹਿਮ ਮੁੱਦਿਆਂ ’ਤੇ ਪੰਜਾਬ ਦੇ ਖਿਲਾਫ ਸਟੈਂਡ ਲਿਆ ਹੈ। ਭਾਵੇਂ ਉਹ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਜਾਂ ਦਿੱਲੀ ਨਾਲ ਸਾਂਝਾ ਕਰਨ ਦਾ ਮਾਮਲਾ ਹੋਵੇ, ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਜਾਂ ਫਿਰ ਪੰਜਾਬ ਦੇ ਕਿਸਾਨਾਂ ਖਿਲਾਫ ਪਰਾਲੀ ਸਾੜਨ ਦੇ ਕੇਸ ਦਰਜ ਕਰਨ ਦਾ ਮਾਮਲਾ ਹੋਵੇ, ਕੇਜਰੀਵਾਲ ਨੇ ਹਮੇਸ਼ਾ ਸੁਪਰੀਮ ਕੋਰਟ ਵਿਚ ਪੰਜਾਬੀਆਂ ਦੇ ਖਿਲਾਫ ਸਟੈਂਡ ਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੂਬੇ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਤੁਹਾਡੇ ਨਾਲ ਹਾਂ ਤੇ ਕੱਲ੍ਹ ਵੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗੇ। ਕੇਜਰੀਵਾਲ ਪੰਜਾਬ ਵਿਚ ਸਿਰਫ ਤੁਹਾਡੀਆਂ ਵੋਟਾਂ ਲੈਣ ਆਇਆ ਹੈ। ਇਕ ਵਾਰ ਵੋਟਾਂ ਦਾ ਅਮਲ ਪੂਰਾ ਹੋ ਗਿਆ ਤਾਂ ਉਹ ਕਿਸੇ ਹੋਰ ਸੂਬੇ ਵਿਚ ਤੁਰਦਾ ਬਣੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਵੱਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਦੇ ਝਾਂਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਆਪ ਇਕ ਪਾਰਟੀ ਵਜੋਂ ਇਕਜੁੱਟ ਰਹੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਤੁਸੀਂ ਵੇਖਿਆ ਹੈ ਕਿ ਇਸਦੇ 4 ਵਿਚੋਂ ਤਿੰਨ ਐਮ ਪੀ ਤੇ 20 ਵਿਚੋਂ 11 ਵਿਧਾਇਕ ਪਾਰਟੀ ਛੱਡ ਗਏ ਸਨ।
ਇਸ ਤੋਂ ਸ. ਬਾਦਲ ਨੇ ਸੀਨੀਅਰ ਕਾਂਗਰਸੀ ਆਗੂ ਮਦਨ ਭਾਰਦਵਾਜ, ਯਾਦਵਿੰਦਰ ਕੌਰ ਜੱਸੋਵਾਲ ਸਰਪੰਚ ਜੱਸੋਵਾਲ, ਲਾਭ ਸਿੰਘ ਸਾਬਕਾ ਸਰਪੰਚ ਤੇ 200 ਤੋਂ ਵਧੇਰੇ ਕਾਂਗਰਸੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕਾਂਗਰਸ ਛੱਡ ਜਾਣ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਦਾ ਸੂਬੇ ਵਿਚ ਮੁਕੰਮਲ ਸਫਾਇਆ ਹੋਣ ਵਾਲਾ ਹੈ। ਪੰਜਾਬੀਆਂ ਦਾ ਕਾਂਗਰਸ ਪਾਰਟੀ ਤੋਂ ਵਿਸ਼ਵਾਸ ਉਠ ਗਿਆ ਹੈ ਕਿਉਂਕਿ ਇਸਨੇ ਝੂਠੇ ਵਾਅਦੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ। ਇਹੀ ਨਹੀਂ ਬਲਕਿ ਲੋਕ ਇਸਦੇ ਵਿਧਾਇਕਾਂ ਦੀਆਂ ਭ੍ਰਿਸ਼ਟ ਕਾਰਵਾਈਆਂ ਤੋਂ ਵੀ ਔਖੇ ਹਨ ਕਿਉਂਕਿ ਇਨ੍ਹਾਂ ਨੇ ਸ਼ਰਾਬ ਤੇ ਰੇਤ ਮਾਫੀਆ ਚਲਾਇਆ ਤੇ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਵਿਗਾੜੀ।
ਇਸ ਮੌਕੇ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਮਦਨ ਭਾਰਦਵਾਜ ਆਲੋਵਾਲ ਸੀਨੀਅਰ ਕਾਂਗਰਸੀ ਆਗੂ, ਯਾਦਵਿੰਦਰ ਕੌਰ ਜੱਸੋਵਾਲ ਸਰਪੰਚ ਜੱਸੋਵਾਲ, ਸਰੀਤਾ ਗੈਰਾ ਸਾਬਕਾ ਐਮ ਸੀ, ਗੁਰਸ਼ਰਨ ਸਿੰਘ ਗਿੱਲ ਜ਼ਿਲ੍ਹਾ ਸਕੱਤਰ ਸੰਯੁਕਤ ਅਕਾਲੀ ਦਲ, ਲਾਭ ਸਿੰਘ ਸਾਬਕਾ ਸਰਪੰਚ ਹਿਆਣਾ ਕਲਾਂ, ਹੰਸਾ ਸਿੰਘ ਪੰਚ ਹਿਆਣਾ ਕਲਾਂ, ਸਤਿਗੁਰ ਸਿੰਘ ਪੰਚ, ਨਵੀਨ ਸੰਧੀਰ, ਅਸ਼ੋਕ ਕੁਮਾਰ ਚੋਪੜਾ, ਅਕਸ਼ੇ ਕੁਮਾਰ, ਸ਼ਾਮ ਲਾਲ, ਸੁਨੀਤਾ ਮਹਿਤਾ, ਅਸ਼ੋਕ ਚਾਵਲਾ, ਸੋਨੂੰ ਜਲੋਟਾ, ਪ੍ਰਿੰਸ ਜਲਿਆਰ, ਪ੍ਰਮੋਦ ਕੁਮਾਰ, ਰਾਜੂ, ਸਨੀ ਯਾਦਵ, ਸੁਰਿੰਦਰ ਰਾਣਾ, ਸੁਭਾਸ਼ ਵਲੇਚਾ, ਗੁਰਸਿਮਰਨ ਸਿੰਘ ਮੀਤ ਪ੍ਰਧਾਨ ਓ ਬੀ ਸੀ ਵਿੰਗ ਕਾਂਗਰਸ, ਨਰਿੰਦਰ ਸਿੰਘ ਅਜਨੌਦਾ, ਕਰਨਵੀਰ ਅਜਨੌਦਾ, ਰੂਬਲਦੀਪ ਅਜਨੌਦਾ, ਜਸਵੀਰ ਕੌਰ, ਸੁਖਵੀਰ ਕੌਰ, ਰਮਨਦੀਪ ਕੌਰ, ਪਰਮਜੀਤ ਕੌਰ, ਸੁਰਜੀਤ ਸਿੰਘ ਰੋਹਟੀ ਖਾਸ ਮੀਤ ਪ੍ਰਧਾਨ ਟਰੱਕ ਯੂਨੀਅਨ ਨਾਭਾ, ਤੇ ਹਿਆਣਾ ਕਲਾਂ, ਹਰਦਾਸਪੁਰ ਤੇ ਹੋਰ ਇਲਾਕਿਆਂ ਦੇ ਕਾਂਗਰਸੀ ਆਗੂ ਸ਼ਾਮਲ ਸਨ।
ਇਹ ਵੀ ਪੜ੍ਹੋ : ਯੂਪੀ: ਕਾਂਗਰਸ ਨੇ ਜਾਰੀ ਕੀਤੀ 61 ਉਮੀਦਵਾਰਾਂ ਦੀ ਚੌਥੀ ਸੂਚੀ, 24 ਮਹਿਲਾਵਾਂ ਨੂੰ ਮਿਲੀ ਟਿਕਟ