ਰੂਸ ਨੇ ਭਾਵੇਂ ਯੂਕਰੇਨ ‘ਤੇ ਹਮਲੇ ਤੋਂ ਇਨਕਾਰ ਕੀਤਾ ਹੈ, ਪਰ ਖਬਰ ਹੈ ਕਿ ਉਹ ਅਗਲੇ ਕੁਝ ਘੰਟਿਆਂ ਵਿੱਚ ਜੰਗ ਦਾ ਐਲਾਨ ਕਰ ਸਕਦਾ ਹੈ। ਬ੍ਰਿਟਿਸ਼ ਮੀਡੀਆ ਦਾ ਕਹਿਣਾ ਹੈ ਕਿ ਰੂਸ ਨੇ ਜੰਗ ਦੀ ਤਿਆਰੀ ਤੇਜ਼ ਕਰ ਦਿੱਤੀ ਹੈ ਤੇ ਅਗਲੇ ਕੁਝ ਘੰਟਿਆਂ ਵਿੱਚ ਉਹ ਜੰਗ ਦਾ ਐਲਾਨ ਵੀ ਕਰ ਸਕਦਾ ਹੈ। ਉਥੇ ਹੀ ਅਮਰੀਕਾ ਨੇ ਰੂਸ ਨੂੰ ਆਖਰੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਸ ਨੂੰ ਜੰਗ ਦੀ ਭਾਰੀ ਕੀਮਤ ਚੁਕਾਉਣੀ ਪਏਗੀ।
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਬ੍ਰਿਟਿਸ਼ ਮੀਡੀਆ ਦੇ ਖੁਲਾਸੇ ਦੌਰਾਨ ਕਿਹਾ ਕਿ ਜੇ ਰੂਸ ਯੂਕਰੇਨ ‘ਤੇ ਹਮਲਾ ਕਰਦਾ ਹੈ ਤਾਂ ਤਬਾਹੀ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ, ਕਿਉਂਕਿ ਅਮਰੀਕਾ ਇਸ ਹਮਲੇ ਦਾ ਕਰਾਰਾ ਜਵਾਬ ਦੇਵੇਗਾ। ਇਸ ਤੋਂ ਪਹਿਲਾਂ ਵੀ ਬਿਡੇਨ ਕਈ ਵਾਰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੋਂ ਯੂਕਰੇਨ ਦੀ ਸਰਹੱਦ ‘ਤੇ ਹਾਲਾਤ ਆਮ ਕਰਨ ਲਈ ਕਹਿ ਚੁੱਕੇ ਹਨ, ਪਰ ਪੁਤਿਨ ‘ਤੇ ਉਸ ਦਾ ਕੋਈ ਅਸਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਇੱਕ ਪਾਸੇ ਕਿਹਾ ਗਿਆ ਹੈ ਕਿ ਉਹ ਜੰਗ ਨਹੀਂ ਚਾਹੁੰਦਾ, ਉਸ ਨੇ ਕੁਝ ਫੌਜੀ ਟੁਕੜੀਆਂ ਪਿੱਛੇ ਹਟਾਉਣ ਦੀ ਵੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਰੂਸੀ ਦਾਅਵੇ ਦੇ ਉਲਟ ਬ੍ਰਿਟਿਸ਼ ਮੀਡੀਆ ਦਾ ਕਹਿਣਾ ਹੈ ਕਿ ਜੰਗ ਦਾ ਖਤਰਾ ਟਲਿਆ ਨਹੀਂ ਹੈ। ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਰੂਸ ਯੂਕਰੇਨ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਰੂਸੀ ਰਾਸ਼ਟਰਪਤੀ ਪੁਤਿਨ ਅਗਲੇ ਕੁਝ ਘੰਟਿਆਂ ਵਿੱਚ ਇਸ ਦਾ ਐਲਾਨ ਕਰ ਸਕਦੇ ਹਨ। ਦੂਜੇ ਪਾਸੇ ਯੂਕਰੇਨ ਨੇ ਕਿਹਾ ਹੈ ਕਿ ਉਸ ਨੂੰ ਰੂਸ ਦੀ ਗੱਲ ‘ਤੇ ਉਦੋਂ ਭਰੋਸਾ ਹੋਵੇਗਾ, ਜਦੋਂ ਰੂਸੀ ਸੈਨਿਕ ਵਾਪਿਸ ਜਾਂਦੇ ਦਿਸਣਗੇ। ਦੂਜੇ ਪਾਸੇ ਨਾਟੋ ਦਾ ਕਹਿਣਾ ਹੈ ਕਿ ਅਜੇ ਅਜਿਹੇ ਸਬੂਤ ਨਹੀਂ ਮਿਲੇ ਜਿਨ੍ਹਾਂ ਤੋਂ ਰੂਸ ਦੇ ਦਾਅਵੇ ਦੀ ਪੁਸ਼ਟੀ ਹੋ ਸਕੇ।