ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸੀ.ਐੱਮ. ਉਮੀਦਵਾਰ ਦੀ ਦੌੜ ਵਿੱਚ ਸ਼ਾਮਲ ਹਨ। ਅੱਜ ਆਪਣੀ ਪੰਜਾਬ ਫ਼ੇਰੀ ਦੌਰਾਨ ਵੀ ਰਾਹੁਲ ਗਾਂਧੀ ਨੇ ਇਸ ਬਾਰੇ ਗੱਲ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਜਲਦ ਹੀ ਸਾਰਿਆਂ ਦੇ ਸਾਹਮਣੇ ਰੱਖਣਗੇ।
ਰਾਹੁਲ ਗਾਂਧੀ ਨੇ ਟਵੀਟ ਕਰਕੇ ਸੀ.ਐੱਮ. ਚੰਨੀ ਤੇ ਨਵਜੋਤ ਸਿੱਧੂ ਨੂੰ ਕਿਹਾ ਕਿ “ਪੰਜਾਬ ਦੀ ਜਨਤਾ ਤੇ ਕਾਂਗਰਸ ਵਰਕਰ ਜਾਣਨਾ ਚਾਹੁੰਦੇ ਹਨ ਕਿ ਅਸੀਂ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰੀਏ। ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਜਲਦ ਹੀ ਤੁਹਾਡੇ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਤੁਹਾਡੇ ਸਾਹਮਣੇ ਰਖਿਆ ਜਾਵੇਗਾ। ਪੰਜਾਬ ਦੇ ਬਾਕੀ ਸਾਰੇ ਨੇਤਾ ਤੇ ਮੈਂ ਮਿਲ ਕੇ ਨਵੀਂ ਸਰਕਾਰ ਨੂੰ ਮਜ਼ਬੂਤ ਕਰਾਂਗੇ।”
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਦੱਸ ਦੇਈਏ ਇਸ ਤੋਂ ਪਹਿਲਾਂ ਜਲੰਧਰ ਵਿੱਚ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੀ.ਐੱਮ. ਫੇਸ ਨੂੰ ਲੈ ਕੇ ਪੁੱਛੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਬਾਰੇ ਪਾਰਟੀ ਆਗੂਆਂ ਤੇ ਵਰਕਰਾਂ ਤੋਂ ਪੁੱਛ ਕੇ ਕੋਈ ਫੈਸਲਾ ਲਿਆ ਜਾਵੇਗਾ। ਰਾਹੁਲ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਸੀਐਮ ਚਰਨਜੀਤ ਚੰਨੀ ਨੇ ਮੈਨੂੰ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਉਸ ਦੀ ਪੂਰੀ ਮਦਦ ਕਰੇਗਾ। ਇਸ ਨਾਲ ਮੈਨੂੰ ਬਹੁਤ ਖੁਸ਼ੀ ਹੋਈ।
ਕਾਂਗਰਸ ਦੇ ਇਸ ਐਲਾਨ ਨੂੰ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰੇ ਲਈ ਲੋਕ ਰਾਏ ਨਾਲ ਵੀ ਜੋੜਿਆ ਜਾ ਰਿਹਾ ਹੈ। ‘ਆਪ’ ਨੇ ਵੀ ਲੋਕਾਂ ਨੂੰ ਪੁੱਛ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਦਾਅਵਾ ਕੀਤਾ ਹੈ।