ਜੇ ਤੁਸੀਂ ਆਪਣੇ ਬੱਚਿਆਂ ਨੂੰ ਡੱਬੇ ਵਾਲਾ ਦੁੱਧ ਦੇ ਰਹੇ ਹੋ ਤਾਂ ਸਾਵਧਾਨ ਹੋ ਜਾਓ ਅਤੇ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ, ਪਟਿਆਲਾ ਵਿੱਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਚਿਆਂ ਦਾ ਖਰਾਬ ਹੋਇਆ ਦੁੱਧ ਪਾਊਡਰ ਨਵੀਂ ਪੈਕਿੰਗ ਵਿੱਚ ਤਿਆਰ ਕੀਤਾ ਜਾ ਰਿਹਾ ਸੀ।
ਸਿਹਤ ਵਿਭਾਗ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਫੈਕਟਰੀ ਦੇ ਮੈਨੇਜਰ ਅਤੇ ਇੱਥੇ ਕੰਮ ਕਰਨ ਵਾਲੀ ਇੱਕ ਔਰਤ ਤੋਂ ਪੁੱਛਗਿੱਛ ਕੀਤੀ ਹੈ। ਮਾਮਲੇ ਦੀ ਅਗਾਊਂ ਜਾਂਚ ਕੀਤੀ ਜਾ ਰਹੀ ਹੈ। ਕਰੀਬ ਇੱਕ ਲੱਖ ਅਜਿਹੇ ਕੈਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ।
ਪਟਿਆਲਾ ਦੇ ਸਨਅਤੀ ਖੇਤਰ ‘ਚ ਸੋਮਵਾਰ ਦੇਰ ਸ਼ਾਮ ਸਿਹਤ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਕਾਰਵਾਈ ਕਰਦੇ ਹੋਏ ਬੱਚਿਆਂ ਦੇ ਪਾਊਡਰ ਦੁੱਧ ਦੀ ਪੈਕਿੰਗ ਕਰਨ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ। ਵਿਭਾਗ ਦੀਆਂ ਟੀਮਾਂ ਨੇ ਐਕਸਪਾਇਰੀ ਡੇਟ ਨੇੜੇ ਦੁੱਧ ਦੇ ਇੱਕ ਲੱਖ ਡੱਬੇ ਬਰਾਮਦ ਕੀਤੇ। ਵੱਖ-ਵੱਖ ਕਿਸਮ ਦੀਆਂ ਦਵਾਈਆਂ ਦੀ ਵੱਡੀ ਮਾਤਰਾ ਵੀ ਜ਼ਬਤ ਕੀਤੀ ਗਈ ਹੈ।
ਸਹਾਇਕ ਸਿਵਲ ਸਰਜਨ ਡਾ.ਵਿਕਾਸ ਗੋਇਲ ਨੇ ਦੱਸਿਆ ਕਿ ਇੱਕ ਐਨ.ਜੀ.ਓ.(ਗੈਰ-ਸਰਕਾਰੀ ਸੰਸਥਾ) ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਆਧਾਰ ‘ਤੇ ਡਾ. ਸ਼ੈਲੀ ਜੇਤਲੀ ਦੀ ਅਗਵਾਈ ‘ਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਪਟਿਆਲਾ ਦੇ ਸਨਅਤੀ ਖੇਤਰ ‘ਚ ਬੱਚਿਆਂ ਲਈ ਦੁੱਧ ਦਾ ਪਾਊਡਰ ਪੈਕ ਕਰਨ ਵਾਲੀ ਇਸ ਫੈਕਟਰੀ ‘ਤੇ ਛਾਪਾ ਮਾਰਿਆ।
ਛਾਪੇਮਾਰੀ ਕਰਨ ਵਾਲੀਆਂ ਟੀਮਾਂ ਉਸ ਸਮੇਂ ਹੈਰਾਨ ਰਹਿ ਗਈਆਂ ਜਦੋਂ ਮੌਕੇ ਤੋਂ ਵੱਡੀ ਮਾਤਰਾ ਵਿੱਚ ਐਕਸਪਾਇਰੀ ਡੇਟ ਵਾਲੇ ਦੁੱਧ ਦੇ ਪਾਊਡਰ ਦੇ ਡੱਬੇ ਬਰਾਮਦ ਹੋਏ। ਇਹ ਡੱਬੇ ਨਵੀਂ ਪੈਕਿੰਗ ਵਿੱਚ ਤਿਆਰ ਕੀਤੇ ਜਾ ਰਹੇ ਸਨ, ਜੋ ਸਿੱਧੇ ਤੌਰ ’ਤੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਰਹੇ ਸਨ। ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਮਿਆਦ ਪੁਗ ਚੁੱਕੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੈਰਾਸੀਟਾਮੋਲ, ਮਲਟੀ-ਵਿਟਾਮਿਨ ਅਤੇ ਹੋਰ ਦਵਾਈਆਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਇਹ ਸਾਰੇ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਮੌਕੇ ਤੋਂ ਪੁਲਿਸ ਨੇ ਫੈਕਟਰੀ ਦੇ ਮੈਨੇਜਰ ਅਤੇ ਉੱਥੇ ਕੰਮ ਕਰਨ ਵਾਲੀ ਇੱਕ ਔਰਤ ਤੋਂ ਪੁੱਛਗਿੱਛ ਕੀਤੀ ਹੈ। ਮੈਨੇਜਰ ਫਿਲਹਾਲ ਫੈਕਟਰੀ ਮਾਲਕ ਦੇ ਦਿੱਲੀ ਵਿੱਚ ਹੋਣ ਦੀ ਗੱਲ ਕਰ ਰਿਹਾ ਹੈ। ਡਾ. ਵਿਕਾਸ ਗੋਇਲ ਨੇ ਦੱਸਿਆ ਕਿ ਦੁੱਧ ਦੇ ਸੈਂਪਲ ਵੀ ਲਏ ਗਏ ਹਨ ਤਾਂ ਜੋ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਇਹ ਨਕਲੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਫੈਕਟਰੀ ਮਾਲਕ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।