ਸੰਗਰੂਰ : ਸੋਮਵਾਰ ਰਾਤ ਨੂੰ ਪਏ ਮੀਂਹ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦੇ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਿਸਾਨਾਂ ‘ਤੇ ਕਹਿਰ ਵਰ੍ਹਾਇਆ। ਮੀਂਹ ਨੇ ਤਿੰਨ ਦਿਨਾਂ ਤੋਂ ਪੱਕੇ ਮੋਰਚੇ ਨੂੰ ਤਹਿਸ-ਨਹਿਸ ਕਰ ਦਿੱਤਾ। ਧਰਨੇ ਲਈ ਬਣਾਈ ਗਈ ਸਟੇਜ ਢਹਿ ਗਈ ਅਤੇ ਲੋਹੇ ਦੀਆਂ ਪਾਈਪਾਂ ਦੇ ਨਾਲ-ਨਾਲ ਵੱਡਾ ਪੰਡਾਲ ਵੀ ਪਾਈਪਾਂ ਸਣੇ ਡਿੱਗ ਗਿਆ।
ਖ਼ਰਾਬ ਮੌਸਮ ਦੇ ਮੱਦੇਨਜ਼ਰ ਪੰਡਾਲ ਨੂੰ ਵਾਟਰ ਪਰੂਫ਼ ਬਣਾਉਣ ਲਈ ਟੈਂਟ ਉਪਰ ਪਹਿਲਾਂ ਹੀ ਕਾਲੇ ਰੰਗ ਦੀ ਪਲਾਸਟਿਕ ਦੀ ਤਿਰਪਾਲ ਪਾ ਦਿੱਤੀ ਗਈ ਸੀ। ਲੋਹੇ ਦੀਆਂ ਪਾਈਪਾਂ ਇਸ ’ਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਦਾ ਬੋਝ ਨਾ ਝੱਲ ਸਕੀਆਂ ਅਤੇ ਸਾਰਾ ਪੰਡਾਲ ਜ਼ਮੀਨ ’ਤੇ ਡਿੱਗ ਪਿਆ। ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਦਾ ਸਹਾਰਾ ਲਿਆ ਹੋਇਆ ਹੈ ਪਰ ਥਾਂ-ਥਾਂ ਪਾਣੀ ਭਰ ਜਾਣ ਕਾਰਨ ਉਨ੍ਹਾਂ ਲਈ ਰਾਸ਼ਨ ਸੰਭਾਲਣਾ ਵੀ ਵੱਡੀ ਚੁਣੌਤੀ ਬਣ ਗਿਆ ਹੈ।
ਮੀਂਹ ਦੇ ਮੌਸਮ ਦੌਰਾਨ ਸਾਰੇ ਕਿਸਾਨ ਆਪੋ-ਆਪਣੀਆਂ ਟਰਾਲੀਆਂ ਵਿੱਚ ਰਾਸ਼ਨ ਇਕੱਠਾ ਕਰਨ ਵਿੱਚ ਰੁੱਝੇ ਰਹੇ। ਉਸੇ ਵਿੱਚ ਉਹ ਖੁਦ ਵੀ ਬੈਠੇ। ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ ਰਾਤ ਨੂੰ ਆਪਣੇ ਪਿੰਡਾਂ ਵੱਲ ਪਰਤ ਜਾਂਦੀਆਂ ਹਨ ਤੇ ਅਗਲੇ ਦਿਨ ਸਵੇਰੇ ਦੁਬਾਰਾ ਧਰਨੇ ‘ਤੇ ਪਹੁੰਚਦੀਆਂ ਹਨ। ਦੂਜੇ ਪਾਸੇ ਬਾਕੀ ਕਿਸਾਨ ਧਰਨੇ ਵਾਲੀ ਥਾਂ ‘ਤੇ ਹੀ ਡਟੇ ਹੋਏ ਹਨ।
ਮੀਂਹ ਕਰਕੇਜਿੱਥੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਕਿਸਾਨਾਂ ਵੱਲੋਂ ਪੱਕੇ ਮੋਰਚੇ ਲਈ ਕੀਤੇ ਗਏ ਸਾਰੇ ਪ੍ਰਬੰਧ ਵੀ ਵਿਗੜ ਗਏ ਹਨ। ਅਜਿਹੇ ‘ਚ ਮੰਗਲਵਾਰ ਨੂੰ ਫਿਰ ਤੋਂ ਸਿਸਟਮ ਤਿਆਰ ਕਰਨ ਲਈ ਕਿਸਾਨਾਂ ਨੂੰ ਸਖਤ ਸੰਘਰਸ਼ ਕਰਨਾ ਪਵੇਗਾ।
ਇਹ ਵੀ ਪੜ੍ਹੋ : SYL ਮੁੱਦੇ ਦਾ ਨਿਕਲੇਗਾ ਹੱਲ! CM ਮਾਨ ਤੇ ਖੱਟਰ ਮਿਲ ਕੇ ਕਰਨਗੇ ਗੱਲਬਾਤ
ਕਿਸਾਨਾਂ ਨੇ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿਵਾਉਣ ਪਰਾਲੀ ਪ੍ਰਬੰਧਨ ਲਈ ਸਖ਼ਤ ਪ੍ਰਬੰਧ ਕਰਦਿਆਂ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਸਮੇਤ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੱਕਾ ਮੋਰਚਾ ਲਾਇਆ ਹੈ।
ਐਤਵਾਰ ਤੋਂ ਚੱਲ ਰਹੇ ਧਰਨੇ ਵਿੱਚ ਕਿਸਾਨਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਸੋਮਵਾਰ ਨੂੰ ਕਰੀਬ ਸੱਤ ਹਜ਼ਾਰ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ ਸਨ। ਭਾਕਿਯੂ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਕਿਸਾਨ ਹਰ ਹਾਲਤ ਦਾ ਸਾਹਮਣਾ ਕਰਨ ਲਈ ਤਿਆਰ ਖੜ੍ਹੇ ਹਨ। ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਪੱਕਾ ਮੋਰਚਾ ਬੰਦ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: