ਪੰਜਾਬ ਵਿੱਚ ਮੌਸਮ ਲਗਾਤਾਰ ਧੁੱਪਾਂ ਲੱਗਣ ਨਾਲ ਪਾਰਾ ਵਧਣ ਲੱਗਾ ਸੀ, ਜਿਸ ਨਾਲ ਦਿਨ ਦੀ ਠੰਡ ਕਾਫ਼ੀ ਘੱਟ ਗਈ ਸੀ। ਪਰ ਮੁੜ ਪੰਜਾਬ ਵਿੱਚ ਪਾਰਾ ਘਟੇਗਾ ਤੇ ਠੰਡ ਵਿੱਚ ਵਾਧਾ ਹੋਵੇਗਾ। ਮੌਸਮ ਵਿਭਾਗ ਮੁਤਾਬਕ ਅੱਜ ਵੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ, ਐੱਨ.ਸੀ.ਆਰ. ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬੀਤੀ ਰਾਤ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਤੇਜ਼ ਮੀਂਹ ਪਿਆ।
ਮੌਸਮ ਵਿਭਾਗ ਨੇ ਪੰਜਾਬ ਵਿੱਚ ਦੋ ਦਿਨ ਹਲਕੀ ਬਰਸਾਤ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ ਤੇ ਪਾਰਾ ਡਿੱਗੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਪੱਛਮੀ ਗੜਬੜੀ ਕਰਕੇ ਮੌਸਮ ਵਿੱਚ ਤਬਦੀਲੀ ਆਈ ਹੈ।
ਹਾਲਾਂਕਿ ਉਨ੍ਹਾਂ ਨੇ ਇਸ ਦੇ ਕਣਕ ਦੀ ਫ਼ਸਲ ‘ਤੇ ਅਸਰ ਨੂੰ ਲੈ ਕੇ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਅਜੇ ਹਰੀ ਹੈ ਤੇ ਇਸ ‘ਤੇ ਤੇਜ਼ ਹਵਾਵਾਂ ਤੇ ਮੀਂਹ ਦਾ ਕੋਈ ਖਾਸ ਅਸਰ ਨਹੀਂ ਹੋਵੇਗਾ। ਉਨ੍ਹਾਂ ਮੰਨਿਆ ਕਿ ਬੀਤੇ ਕੁਝ ਸਮੇਂ ਵਿੱਚ ਪਾਰੇ ਵਿੱਚ ਕਾਫੀ ਵਾਧਾ ਹੋਇਆ ਹੈ ਪਰ ਮੀਂਹ ਕਰਕੇ ਰਾਤ ਵੇਲੇ ਪਾਰੇ ਵਿੱਚ ਗਿਰਾਵਟ ਆਏਗੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਭਾਰਤੀ ਮੌਸਮ ਵਿਭਾਗ ਮੁਤਾਬਕ ਅੰਡਮਾਨ ਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ ਤੇ ਕੇਰਲ ਵਿੱਚ ਵੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ 2 ਦਿਨਾਂ ਦੇ ਦੌਰਾਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਵੱਡੇ ਪੱਧਰ ‘ਤੇ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। 24 ਤੇ 26 ਫਰਵਰੀ ਨੂੰ ਬਿਹਾਰ, ਝਾਰਖੰਡ, ਓਡਿਸ਼ਾ ਤੇ ਪੱਛਮੀ ਬੰਗਾਲ ਤੇ ਸਿੱਕਿਮ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।