ਪੰਜਾਬ ਦੇ ਰਾਜਪਾਲਾਂ ਬਾਰੇ ਸਿਰਫ ਗੂਗਲ ‘ਤੇ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਪੰਜਾਬ ਰਾਜ ਭਵਨ ਕੋਲ ਆਪਣਾ ਕੋਈ ਰਿਕਾਰਡ ਨਹੀਂ ਸੀ। ਪਰ ਹੁਣ ਰਾਜ ਭਵਨ ਨੇ ਅਜਿਹੀ ਕਿਤਾਬ ਅਤੇ ਡਿਜੀਟਲ ਰਿਕਾਰਡ ਤਿਆਰ ਕੀਤਾ ਹੈ, ਜੋ ਕਿ ਪਹਿਲੇ ਰਾਜਪਾਲ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਤੋਂ ਲੈ ਕੇ ਵੀਪੀ ਸਿੰਘ ਬਦਨੌਰ ਤੱਕ ਦੇ ਸਾਰਿਆਂ ਦੇ ਸਫਰ ਨੂੰ ਤਸਵੀਰਾਂ ਦੇ ਨਾਲ ਦਿਖਾਏਗਾ। ਇਸ ਦੇ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਅਤੇ ਵੱਖ-ਵੱਖ ਪਬਲਿਕੇਸ਼ਨਸ ਤੋਂ ਦੁਰਲੱਭ ਤਸਵੀਰਾਂ ਮੰਗੀਆਂ ਗਈਆਂ ਸਨ।
ਪੰਜਾਬ ਦੇ ਸਾਬਕਾ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਦੇਖਿਆ ਕਿ ਰਾਜ ਭਵਨ ਕੋਲ ਪਿਛਲੇ ਰਾਜਪਾਲਾਂ ਦਾ ਕੋਈ ਰਿਕਾਰਡ ਨਹੀਂ ਹੈ। ਸਿਰਫ ਇੰਟਰਨੈਟ ‘ਤੇ ਹੀ ਸਾਰੀ ਜਾਣਕਾਰੀ ਮੌਜੂਦ ਹੈ। ਇਸ ਲਈ ਉਨ੍ਹਾਂ ਫੈਸਲਾ ਕੀਤਾ ਕਿ ਉਹ ਇੱਕ ਕਿਤਾਬ ਤਿਆਰ ਕਰਨਗੇ, ਜਿਸ ਵਿੱਚ ਸਾਰੇ ਰਾਜਪਾਲਾਂ ਦਾ ਸਫਰ ਅਤੇ ਉਨ੍ਹਾਂ ਦੇ ਕੰਮਾਂ ਦੀ ਜਾਣਕਾਰੀ ਤਸਵੀਰਾਂ ਦੇ ਨਾਲ ਹੋਵੇਗੀ। ਇਸ ਦਾ ਡਿਜੀਟਲ ਫਾਰਮੈਟ ਵੀ ਤਿਆਰ ਕੀਤਾ ਜਾਵੇਗਾ।
ਬਦਨੌਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਪੰਜਾਬ ਰਾਜ ਭਵਨ ਦੀ ਲੋਕ ਸੰਪਰਕ ਟੀਮ ਨੇ ਕਈ ਮਹੀਨਿਆਂ ਦੀ ਖੋਜ ਤੋਂ ਬਾਅਦ ਕਿਤਾਬ ਤਿਆਰ ਕੀਤੀ। ਡਿਪਟੀ ਡਾਇਰੈਕਟਰ ਸ਼ਿਖਾ ਨਹਿਰਾ ਦੀ ਅਗਵਾਈ ਵਾਲੀ ਟੀਮ ਨੇ ਆਜ਼ਾਦੀ ਤੋਂ ਬਾਅਦ ਦੀਆਂ ਸਾਰੀਆਂ ਪੁਰਾਣੀਆਂ ਤਸਵੀਰਾਂ ਲਈ ਵੱਖ -ਵੱਖ ਪਬਲਿਕੇਸ਼ਨਸ, ਸਰਕਾਰੀ ਵਿਭਾਗਾਂ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨਾਲ ਸੰਪਰਕ ਕੀਤਾ।
ਕਈ ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ 252 ਪੰਨਿਆਂ ਦੀ ਕਿਤਾਬ ਅਤੇ ਇੱਕ ਘੰਟੇ ਦੀ ਵੀਡੀਓ ਤਿਆਰ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਪਹਿਲੇ ਰਾਜਪਾਲ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਤੋਂ ਲੈ ਕੇ ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਪੁਰਾਣੀਆਂ ਤਸਵੀਰਾਂ ਰਾਹੀਂ ਦਿਖਾਇਆ ਗਿਆ।
ਇਸ ਵਿੱਚ ਆਜ਼ਾਦੀ ਦੇ ਤੁਰੰਤ ਬਾਅਦ ਕਿਵੇਂ ਹਾਲਾਤ ਬਦਲੇ, ਭਾਖੜਾ ਡੈਮ ਦਾ ਨਿਰਮਾਣ, ਪੰਜਾਬ ਤੇ ਹਰਿਆਣਾ ਦੀ ਵੰਡ ਸਣੇ ਚੰਡੀਗੜ੍ਹ ਦੇ ਜਨਮ ਦੀ ਪੂਰੀ ਕਹਾਣੀ ਦੁਰਲੱਭ ਤਸਵੀਰਾਂ ਰਾਹੀਂ ਦਿਖਾਈ ਗਈ ਹੈ। ਵੀਪੀ ਸਿੰਘ ਬਦਨੌਰ ਨੇ ਆਪਣੇ ਕਾਰਜਕਾਲ ਦੇ ਆਖਰੀ ਦਿਨ ਪੁਸਤਕ ਦਾ ਉਦਘਾਟਨ ਕੀਤਾ ਅਤੇ ਪਹਿਲੀ ਕਿਤਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ।
ਅੰਗਰੇਜ਼ਾਂ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਪਹਿਲੇ ਰਾਜਪਾਲ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਬਣੇ। ਉਹ ਇੱਕ ਭਾਰਤੀ ਪ੍ਰਸ਼ਾਸਕ ਅਤੇ ਸਿਵਲ ਸੇਵਕ ਸਨ। ਪੰਜਾਬ ਤੋਂ ਬਾਅਦ ਉਨ੍ਹਾਂ ਨੇ 1953 ਤੋਂ 1957 ਤੱਕ ਆਂਧਰਾ ਪ੍ਰਦੇਸ਼ ਦੇ ਪਹਿਲੇ ਰਾਜਪਾਲ ਵਜੋਂ ਸੇਵਾ ਨਿਭਾਈ। ਵੀਡੀਓ ਅਤੇ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ 8 ਮਾਰਚ 1953 ਨੂੰ ਉਨ੍ਹਾਂ ਦੀ ਫੇਅਰਵੈੱਲ ਸ਼ਿਮਲਾ ਵਿੱਚ ਹੋਈ ਸੀ, ਜਿਸ ਵਿੱਚ ਰਾਜਪਾਲ ਦੀ ਪਤਨੀ ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਭੀਮਸੇਨ ਸੱਚਰ ਨੇ ਸਨਮਾਨਿਤ ਕੀਤਾ ਸੀ। ਇਹ 68 ਸਾਲ ਪੁਰਾਣੀ ਦੁਰਲੱਭ ਤਸਵੀਰ ਹੈ। ਇਸ ਤੋਂ ਇਲਾਵਾ 11 ਮਾਰਚ 1953 ਦੀ ਤਸਵੀਰ ਵੀ ਹੈ, ਜਦੋਂ ਵੱਡੀ ਗਿਣਤੀ ਵਿੱਚ ਲੋਕ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਨੂੰ ਮਿਲਣ ਰੇਲਵੇ ਸਟੇਸ਼ਨ ਪਹੁੰਚੇ। ਅਗਲੇ ਹੀ ਦਿਨ ਨਵੇਂ ਰਾਜਪਾਲ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ ਦਾ ਮੁੱਖ ਮੰਤਰੀ ਨੇ ਸ਼ਿਮਲਾ ਵਿੱਚ ਸਵਾਗਤ ਕੀਤਾ। ਇਹ ਪ੍ਰੋਗਰਾਮ ਤਸਵੀਰਾਂ ਰਾਹੀਂ ਵੀ ਦਿਖਾਇਆ ਗਿਆ ਹੈ।
ਇਹ ਵੀ ਪੜ੍ਹੋ : ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਇਆ ਕੋਵਿਡ ਦਾ ਪਹਿਲਾ ਟੀਕਾ
ਭਾਖੜਾ ਡੈਮ ਦੇ ਨਿਰਮਾਣ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਕਈ ਵਾਰ ਪੰਜਾਬ ਦਾ ਦੌਰਾ ਕੀਤਾ। ਇਹ ਵੀ ਤਸਵੀਰਾਂ ਰਾਹੀਂ ਦਿਖਾਇਆ ਗਿਆ ਹੈ। 22 ਮਾਰਚ 1955 ਦੀ ਇੱਕ ਤਸਵੀਰ ਦਿਖਾਈ ਗਈ ਹੈ, ਜਦੋਂ ਪੰਡਤ ਨਹਿਰੂ ਉਚਾਈ ‘ਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਮਿਲਣ ਗਏ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਸੀਪੀਐਨ ਸਿੰਘ ਅਤੇ ਭਾਖੜਾ ਡੈਮ ਦੇ ਜੀਐਮ ਐਸਡੀ ਖੁੰਗਰ ਵੀ ਮੌਜੂਦ ਸਨ। ਇਸ ਤੋਂ ਇਲਾਵਾ 29 ਜਨਵਰੀ 1965 ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਪੰਜਾਬ ਯੂਨੀਵਰਸਿਟੀ ਦੇ ਲਾਲਾ ਲਾਜਪਤ ਰਾਏ ਹਾਲ ਦਾ ਉਦਘਾਟਨ ਕਰਨ ਪਹੁੰਚੇ ਸਨ, ਉਸ ਪ੍ਰੋਗਰਾਮ ਨੂੰ ਵੀ ਦਿਖਾਇਆ ਗਿਆ ਹੈ।