ਬਦਾਯੂੰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਆਈਸੀਯੂ ਵਿੱਚ ਦਾਖ਼ਲ ਮਰੀਜ਼ ਦੇ ਅੰਗਾਂ ਨੂੰ ਚੂਹੇ ਨੇ ਕੁਤਰ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਨਸੀ ਪ੍ਰਜਾਪਤੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ 48 ਘੰਟਿਆਂ ਵਿੱਚ ਜਾਂਚ ਰਿਪੋਰਟ ਮੰਗੀ ਗਈ ਹੈ।
ਦਾਤਾਗੰਜ ਵਾਸੀ ਰਾਮਸੇਵਕ ਗੁਪਤਾ 7 ਜੂਨ ਨੂੰ ਵਾਪਰੇ ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਅਜਿਹੇ ‘ਚ 30 ਜੂਨ ਨੂੰ ਉਹ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਲੈ ਕੇ ਆਏ ਅਤੇ ਇੱਥੇ ਦਾਖਲ ਕਰਵਾਇਆ।
ਪਿਛਲੇ ਇੱਕ ਹਫ਼ਤੇ ਤੋਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਕਾਰਨ ਸਟਾਫ਼ ਨੇ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਹੈ। ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋ-ਤਿੰਨ ਦਿਨਾਂ ਤੋਂ ਉਸ ਦੇ ਸਰੀਰ ‘ਤੇ ਕੁਝ ਨਿਸ਼ਾਨ ਪੈ ਰਹੇ ਸਨ। ਉਨ੍ਹਾਂ ਨੇ ਇਸ ਸਬੰਧੀ ਆਈਸੀਯੂ ਸਟਾਫ਼ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ।
ਰਿਸ਼ਤੇਦਾਰਾਂ ਮੁਤਾਬਕ ਉਹ ਐਤਵਾਰ ਸ਼ਾਮ ਨੂੰ ਆਈ.ਸੀ.ਯੂ. ਪਹੁੰਚੇ ਸਨ। ਉਨ੍ਹਾਂ ਵੇਖਿਆ ਕਿ ਇੱਕ ਚੂਹਾ ਰਾਮਸੇਵਕ ਦੀਆਂ ਉਂਗਲਾਂ ਨੂੰ ਕੁਤਰ ਰਿਹਾ ਸੀ। ਇਹ ਦੇਖ ਕੇ ਰਿਸ਼ਤੇਦਾਰ ਹੈਰਾਨ ਰਹਿ ਗਏ। ਉਨ੍ਹਾਂ ਨੇ ਆਈਸੀਯੂ ਸਟਾਫ ਨੂੰ ਬੁਲਾਇਆ। ਸਟਾਫ਼ ਭੱਜਣ ਲੱਗਾ। ਇਸ ‘ਤੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ। ਬਾਅਦ ਵਿੱਚ ਸਟਾਫ ਨੇ ਜ਼ਖਮੀ ਦੀ ਪੱਟੀ ਕੀਤੀ।
ਇਹ ਵੀ ਪੜ੍ਹੋ : ‘ਯੂਟਿਊਬ ਦੀ ਵੀਡੀਓ ਲਾਈਕ ਕਰਕੇ ਕਮਾਓ ਲੱਖਾਂ ਰੁ.’- ਆਫ਼ਰ ਨਾਲ ਫਸਾਏ 15,000 ਲੋਕ, 700 ਕਰੋੜ ਦਾ ਫਰਾਡ
ਇਹ ਮਾਮਲਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਐਨਸੀ ਪ੍ਰਜਾਪਤੀ ਦੇ ਧਿਆਨ ਵਿੱਚ ਆਇਆ। ਇਸ ਤੋਂ ਬਾਅਦ ਉਨ੍ਹਾਂ ਸੀਐਮਐਸ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਇਸ ਦੀ ਰਿਪੋਰਟ 48 ਘੰਟਿਆਂ ਵਿੱਚ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: