ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਕਰੀਬ 1.30 ਵਜੇ ਜਗਰਾਓਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ ਤੋਂ ਸੂਚਨਾ ਸੀ ਕਿ ਪਿੰਡ ਬਹਾਦਰਕੇ ਵਿੱਚ ਰਾਤ ਵੇਲੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਦੇਰ ਰਾਤ ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ। ਬਿੱਟੂ ਨੇ ਕਿਹਾ ਕਿ ਇਸ ਜਗ੍ਹਾ ‘ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ ‘ਤੇ ਰੇਤ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ।
ਇਹ ਮਾਈਨਿੰਗ ਸਤਲੁਜ ਦਰਿਆ ਵਿੱਚ ਹੋ ਰਹੀ ਹੈ। ਬਿੱਟੂ ਨੇ ਦੱਸਿਆ ਕਿ ਮੌਕਾ ਦੇਖ ਕੇ ਪਤਾ ਲੱਗਾ ਹੈ ਕਿ ਇੱਥੋਂ ਲੋਕਲ ਟਰਾਲੀਆਂ ਆਦਿ ਭਰ ਕੇ ਚੱਲ ਰਹੀਆਂ ਹਨ। ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਬਿੱਟੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸਾਡੀਆਂ ਗੱਡੀਆਂ ਆ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ਸੜਕ ਜਾਮ ਕਰਨ ਲਈ ਸੜਕ ‘ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲਾ ਦਿੱਤੇ ਤਾਂ ਜੋ ਅਸੀਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੀਏ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਉਡੀਕ ਖ਼ਤਮ, ਅੱਜ ਯੂਟਿਊਬ ‘ਤੇ ਰਿਲੀਜ਼ ਹੋਵੇਗਾ ਸਿੰਗਰ ਦਾ ਨਵਾਂ ਗੀਤ
ਬਿੱਟੂ ਨੇ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਜ਼ਰੂਰ ਇੱਥੇ ਆ ਕੇ ਮੌਕਾ ਦੇਖਣ। ਜੇ ਸਰਕਾਰ ਬਦਲਾਅ ਦੀ ਗੱਲ ਕਰਦੀ ਹੈ ਤਾਂ ਇੱਕ ਵਾਰ ਮੰਤਰੀ ਜ਼ਰੂਰ ਰਾਤ ਨੂੰ ਇੱਥੇ ਆ ਕੇ ਦੇਖ ਲੈਣ ਕਿ ਇੱਥੇ ਕਿਵੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਅੱਧੀ ਰਾਤ ਨੂੰ ਰੇਤ ਦੀਆਂ ਟਰਾਲੀਆਂ ਭਰਨ ਦੀ ਮਨਜੂਰੀ ਕੌਣ ਦੇ ਰਿਹਾ ਹੈ।
ਬਿੱਟੂ ਨੇ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਕਿਸ ਦੇ ਇਸ਼ਾਰੇ ‘ਤੇ ਹੋ ਰਹੀ ਹੈ ਇਹ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਪੱਤਰ ਲਿਖਣਗੇ। ਉਨ੍ਹਾਂ ਕਿਹਾ ਕਿ ਉਹ ਮੌਕੇ ‘ਤੇ ਵੀ ਕੈਮਰੇ ਦੇ ਸਾਹਮਣੇ ਟਰਾਲੀ ਵਾਲਿਆਂ ਨੂੰ ਫੜ ਸਕਦੇ ਹਨ, ਪਰ ਉਹ ਕਿਸੇ ਦਾ ਮਾੜਾ ਨਹੀਂ ਕਰਨਗੇ। ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: