ਕੇਦਾਰਨਾਥ ਧਾਮ ਦੇ ਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਅਜਿਹੇ ‘ਚ ਲੱਖਾਂ ਸ਼ਰਧਾਲੂ ਲਗਾਤਾਰ ਦਰਸ਼ਨਾਂ ਲਈ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਇਸ ਦੇ ਨਾਲ ਹੀ ਖ਼ਰਾਬ ਮੌਸਮ ਦੀ ਚਿਤਾਵਨੀ ਦੇ ਚੱਲਦਿਆਂ ਰਜਿਸਟ੍ਰੇਸ਼ਨ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜੋ ਯਾਤਰੀ ਰਜਿਸਟਰੇਸ਼ਨ ਕਰਵਾ ਕੇ ਦਰਸ਼ਨਾਂ ਲਈ ਪਹੁੰਚ ਰਹੇ ਹਨ, ਉਨ੍ਹਾਂ ਨੂੰ ਅੱਧ ਵਿਚਕਾਰ ਰੋਕ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਦਰਅਸਲ, ਮੌਸਮ ਵਿਭਾਗ ਨੇ 29 ਅਪ੍ਰੈਲ ਤੱਕ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਕੇਦਾਰਘਾਟੀ ‘ਚ ਪਿਛਲੇ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੇਦਾਰਨਾਥ ‘ਚ ਅਗਲੇ ਇਕ ਹਫਤੇ ਤੱਕ ਮੌਸਮ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਟਿਹਰੀ ਦੇ ਸੀਨੀਅਰ ਪੁਲਸ ਸੁਪਰਡੈਂਟ ਨਵਨੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਦਾਰਨਾਥ ‘ਚ ਬਰਫਬਾਰੀ ਅਤੇ ਖਰਾਬ ਮੌਸਮ ਦੀ ਚਿਤਾਵਨੀ ਦੇ ਮੱਦੇਨਜ਼ਰ ਯਾਤਰੀਆਂ ਨੂੰ ਭਦਰਕਾਲੀ ਅਤੇ ਵਿਆਸੀ ‘ਚ ਰੋਕ ਕੇ ਫਿਲਹਾਲ ਰਿਸ਼ੀਕੇਸ਼ ‘ਚ ਹੀ ਰੁਕਣ ਲਈ ਕਿਹਾ ਗਿਆ ਹੈ। ਭਾਰੀ ਬਰਫ਼ਬਾਰੀ ਅਤੇ ਲਗਾਤਾਰ ਖ਼ਰਾਬ ਮੌਸਮ ਕਾਰਨ ਕੇਦਾਰਨਾਥ ਯਾਤਰਾ ਵਿੱਚ ਵਿਘਨ ਪਿਆ ਹੈ। ਹਜ਼ਾਰਾਂ ਸ਼ਰਧਾਲੂ ਉਤਰਾਖੰਡ ਪਹੁੰਚ ਚੁੱਕੇ ਹਨ।
ਹਾਲਾਂਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ। ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਫ਼ਬਾਰੀ ਕਾਰਨ ਧਾਰਮਿਕ ਨਗਰੀ ਅਤੇ ਤੀਰਥ ਅਸਥਾਨ ਬਰਫ਼ ਦੀ ਚਾਦਰ ਵਿੱਚ ਢਕੇ ਹੋਏ ਹਨ। ਕੇਦਾਰਨਾਥ ਦੇ ਟ੍ਰੈਕ ਰੂਟ ‘ਤੇ ਸਥਿਤੀ ਨੂੰ ‘ਇਸ ਸਮੇਂ ਖਤਰਨਾਕ’ ਦੱਸਦੇ ਹੋਏ, ਰੁਦਰਪ੍ਰਯਾਗ ਜ਼ਿਲੇ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਐਨਕੇ ਰਾਜਵਰ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਲਿਨਚੋਲੀ ਨੇੜੇ ਭੈਰਵ ਅਤੇ ਕੁਬੇਰ ਗਲੇਸ਼ੀਅਰਾਂ ਦੇ ਨਾਲ ਟ੍ਰੈਕ ਰੂਟ ਦੀ ਹਾਲਤ ਕਾਫੀ ਖਤਰਨਾਕ ਹੈ। ਬਰਫ਼ ਕਿਸੇ ਵੀ ਸਮੇਂ ਖਿਸਕ ਸਕਦੀ ਹੈ, ਜੋ ਖ਼ਤਰਨਾਕ ਹੋ ਸਕਦਾ ਹੈ।
ਰਾਜਵਰ ਨੇ ਕਿਹਾ ਕਿ ਰਾਜ ਆਫ਼ਤ ਰਿਸਪਾਂਸ ਫੋਰਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀਆਂ ਨੂੰ ‘ਖਤਰਨਾਕ’ ਐਲਾਨੇ ਗਏ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ, “ਅਸੀਂ ਇੱਕ ਤੈਅ ਸਮੇਂ ‘ਤੇ ਸਿਰਫ ਇੱਕ ਵਿਅਕਤੀ ਨੂੰ ਇਸ ਖੇਤਰ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਰਹੇ ਹਾਂ। ਕੇਦਾਰਨਾਥ ਵਿੱਚ ਰਾਤ ਦਾ ਤਾਪਮਾਨ -4 ਡਿਗਰੀ ਸੈਲਸੀਅਸ ਤੱਕ ਡਿੱਗ ਰਿਹਾ ਹੈ, ਜਿਸ ਨਾਲ ਸਾਡੇ ਸਾਹਮਣੇ ਚੁਣੌਤੀਆਂ ਵਧ ਰਹੀਆਂ ਹਨ। ਅਸ਼ੋਕ ਕੁਮਾਰ, ਡੀਜੀਪੀ, ਉੱਤਰਾਖੰਡ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਖਰਾਬ ਮੌਸਮ ਦੇ ਮੱਦੇਨਜ਼ਰ SDRF ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਮਹਿਤਪੁਰ ‘ਚ ਚੱਲੀਆਂ ਗੋਲੀਆਂ, ਘਰ ‘ਚ ਵੜ ਕੇ ਔਰਤ ਦਾ ਕਤਲ, ਮੁੰਡੇ ਦੀ ਹਾਲਤ ਨਾਜ਼ੁਕ
ਉਨ੍ਹਾਂ ਕਿਹਾ ਕਿ ”ਅਸੀਂ ਕੇਦਾਰਨਾਥ ‘ਚ ਮੌਜੂਦਾ ਮੌਸਮ ਦੇ ਆਧਾਰ ‘ਤੇ ਯਾਤਰਾ ‘ਤੇ ਫੈਸਲਾ ਲਵਾਂਗੇ। ਜੇ ਮੰਗਲਵਾਰ ਨੂੰ ਮੌਸਮ ਸਾਫ਼ ਰਹਿੰਦਾ ਹੈ ਤਾਂ ਸ਼ਰਧਾਲੂਆਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬੀਕੇਟੀਸੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਦਾਰਨਾਥ ਯਾਤਰਾ ਉਦੋਂ ਹੀ ਸ਼ੁਰੂ ਕਰਨ ਜਦੋਂ ਉਨ੍ਹਾਂ ਕੋਲ ਠਹਿਰਣ ਦੀ ਪੁਸ਼ਟੀ ਹੋਵੇ।
ਵੀਡੀਓ ਲਈ ਕਲਿੱਕ ਕਰੋ -: