PSEB ਵੱਲੋਂ ਮਾਨਤਾ ਪ੍ਰਾਪਤ ਸਕੂਲਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਪ੍ਰਤੀ-ਸੈਕਸ਼ਨ ਵਿਦਿਆਰਥੀਆਂ ਦੀ ਤੈਅ ਗਿਣਤੀ ਤੋਂ ਵਧੇਰੇ ਦਾਖ਼ਲੇ ਕਰਨ ਦੀ ਕੁਤਾਹੀ ’ਤੇ ਜੁਰਮਾਨੇ ਦੀ ਰਾਸ਼ੀ ਘਟਾ ਕੇ 1 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਰਮਾਨੇ ਦੀ ਰਕਮ 5000 ਰੁਪਏ ਮਿੱਥੀ ਗਈ ਸੀ, ਜਿਸ ਦਾ ਵੱਖ-ਵੱਖ ਸਕੂਲਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਹੁਣ ਜੁਰਮਾਨੇ ਦੀ ਰਕਮ ਵਿਚ ਕਟੌਤੀ ਹੋਣ ਨਾਲ ਮਾਨਤਾ ਪ੍ਰਾਪਤ ਸਕੂਲਾਂ ਨੂੰ ਕਾਫੀ ਰਾਹਤ ਮਿਲੀ ਹੈ।
ਸਿੱਖਿਆ ਬੋਰਡ ਨੇ ਦਸਵੀਂ ਸ਼ੇ੍ਣੀ ਦੇ ਇਕ ਸੈਕਸ਼ਨ ’ਚ ਸਕੂਲਾਂ ਨੂੰ 50 ਵਿਦਿਆਰਥੀ ਦਾਖ਼ਲ ਕਰਨ ਦੀ ਮਾਨਤਾ ਦਿੱਤੀ ਹੋਈ ਹੈ। ਸਕੂਲਾਂ ਦਾ ਕਹਿਣਾ ਸੀ ਕਿ ਜੇਕਰ ਉਨ੍ਹਾਂ ਵੱਲੋਂ ਇਕ ਕਲਾਸ ਵਿਚ ਇੰਨੇ ਕੁ ਵਿਦਿਆਰਥੀ ਬਿਠਾਏ ਜਾਂਦੇ ਹਨ ਤਾਂ ਕਮਰੇ ਵੀ ਵੱਧ ਉਸਾਰੇ ਜਾਣਗੇ। ਇਸੇ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਗਿਆ ਸੀ ਤੇ ਨਵੇਂ ਜਾਰੀ ਹੋਏ ਹੁਕਮਾਂ ਮੁਤਾਬਕ 20 ਫੀਸਦੀ ਦੀ ਛੋਟ ਦਿੱਤੀ ਗਈ ਹੈ।
ਭਾਵ ਹਰੇਕ ਸੈਕਸ਼ਨ ’ਚ ਸਕੂਲ ਮਾਲਕ 60 ਵਿਦਿਆਰਥੀ ਦਾਖ਼ਲ ਕਰ ਸਕਦੇ ਹਨ। ਬਾਰ੍ਹਵੀਂ ਜਮਾਤ ਦੇ ਜੇਕਰ ਪ੍ਰਤੀ ਗਰੁੱਪ ਜੇਕਰ ਇਸ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਬਾਰ੍ਹਵੀਂ ਜਮਾਤ ਹਿਊਮੈਨੇਟੀਜ਼ ਗਰੁੱਪ 60 ਦੇ ਦਾਖ਼ਲੇ ’ਤੇ 20 ਫੀਸਦੀ ਛੋਟ ਨਾਲ 72 ਵਿਦਿਆਰਥੀ ਦਾਖ਼ਲ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਕਾਮਰਸ ਦੇ 50 ਵਿਦਿਆਰਥੀਆਂ ’ਤੇ ਛੋਟ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ 60 ਤਕ ਹੋ ਸਕਦੀ ਹੈ ਜਦ ਕਿ ਸਾਇੰਸ ਸਟਰੀਮ ’ਚ 50 ਵਿਦਿਆਰਥੀਆਂ ’ਤੇ 10 ਫੀਸਦੀ ਛੋਟ ਦਿੱਤੀ ਗਈ ਹੈ ਤੇ ਪ੍ਰਤੀ-ਸੈਕਸ਼ਨ ਗਿਣਤੀ ਜ਼ਿਆਦਾ ਤੋਂ ਜ਼ਿਆਦਾ 55 ਵਿਦਿਆਰਥੀ ਹੋ ਸਕਦੀ ਹੈ।
ਅਜਿਹੇ ਮਾਨਤਾ ਪ੍ਰਾਪਤ ਸਕੂਲ ਜਿਨ੍ਹਾਂ ਨੇ ਛੋਟ ਦੇ ਬਾਅਦ ਵੀ ਜ਼ਿਆਦਾ ਦਾਖਲੇ ਕੀਤੇ ਹਨ, ਦੇ ਵਿਦਿਆਰਥੀਆਂ ਦੇ ਸਰਟੀਫਿਕੇਟ ਰੋਕ ਕੇ ਪੰਜ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਲਗਾਇਆ ਹੋਇਆ ਸੀ। ਕੋਵਿਡ-19 ਮਹਾਮਾਰੀ ਕਾਰਨ ਸਕੂਲ ਪਿਛਲੇ ਕਾਫੀ ਸਮੇਂ ਤੋਂ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ। ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਪਾਸੋਂ ਫੀਸਾਂ ਪ੍ਰਾਪਤ ਨਹੀਂ ਹੋਈਆਂ। ਇਸੇ ਲਈ ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਇਹ ਮੁੱਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਕੋਲ ਚੁੱਕਿਆ ਗਿਆ ਸੀ। ਡਾ. ਯੋਗਰਾਜ ਨੇ ਕਿਹਾ ਕਿ ਸਕੂਲਾਂ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੁਰਮਾਨੇ ਦੀ ਰਕਮ ਵਿਚ ਵੱਡੀ ਕਟੌਤੀ ਕੀਤੀ ਗਈ ਹੈ।