ਕੈਪਟਨ ਸਰਕਾਰ ਵੇਲੇ ਯੂਪੀ ਦੇ ਮਾਫੀਆ ਮੁਖਤਾਰ ਅੰਸਾਰੀ ਦੇ ਪੰਜਾਬ ਜੇਲ੍ਹ ਵਿੱਚ ਵੀਆਈਪੀ ਟਰੀਟਮੈਂਟ ਦਿੱਤੇ ਜਾਣ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਗਏ ਸਨ। ਹੁਣ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੀ ਜਾਂਚ ਦੀ ਰਿਪੋਰਟ ਸਾਹਮਮੇ ਆਈ ਹੈ।
ਜਾਂਚ ਮੁਤਾਬਕ ਰੋਪੜ ਜੇਲ੍ਹ ਵਿੱਚ ਜਨਵਰੀ 2019 ਤੋਂ ਅਪ੍ਰੈਲ 2021 ਤੱਕ 2 ਸਾਲ 3 ਮਹੀਨੇ ਦੀ ਕੈਦ ਦੌਰਾਨ ਵੀ.ਆਈ.ਪੀ. ਟਰੀਟਮੈਂਟ ਮਿਲਿਆ ਸੀ। ਏਡੀਜੀਪੀ ਆਰ ਐਨ ਢੋਕੇ ਦੀ ਜਾਂਚ ਰਿਪੋਰਟ ਵਿੱਚ ਮੁਖਤਾਰ ਅੰਸਾਰੀ ਤੋਂ ਸਹੂਲਤਾਂ ਦੇ ਬਦਲੇ ਕਥਿਤ ਤੌਰ ‘ਤੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੁਝ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ ਇਸ ਰਿਪੋਰਟ ਵਿੱਚ ਕਿਸੇ ਵੀ ਕਾਂਗਰਸੀ ਆਗੂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਿਪੋਰਟ ਮੁਤਾਬਕ ਮੁਖਤਾਰ ਅੰਸਾਰੀ ਦੀ ਪਤਨੀ ਜਾਂ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਜੇਲ੍ਹ ਵਿੱਚ ਹੋਣ ਦਾ ਦੋਸ਼ ਜਾਂਚ ਰਿਪੋਰਟ ਵਿੱਚ ਸਥਾਪਿਤ ਨਹੀਂ ਕੀਤਾ ਗਿਆ ਹੈ। ਪਹਿਲਾਂ ਇਹ ਦੋਸ਼ ਲਾਇਆ ਗਿਆ ਸੀ ਕਿ ਅੰਸਾਰੀ ਦੇ ਪੰਜਾਬ ਅਤੇ ਕਾਂਗਰਸ ਦੇ ਕੁਝ ਕੌਮੀ ਆਗੂਆਂ ਨਾਲ ਸਬੰਧ ਹਨ। ਉਹ ਉੱਤਰ ਪ੍ਰਦੇਸ਼ ਦੀ ਇੱਕ ਜੇਲ੍ਹ ਵਿੱਚ ਸਲਾਖਾਂ ਪਿੱਛੇ ਸੀ ਅਤੇ ਉਸ ਨੂੰ ਪੁਲਿਸ ਜਾਂ ਵਿਰੋਧੀ ਗੈਂਗਸਟਰਾਂ ਦੇ ਹੱਥੋਂ ਖਤਮ ਹੋਣ ਦਾ ਡਰ ਸੀ।
ਪੰਜਾਬ ਪੁਲਿਸ ਨੇ ਮੁਹਾਲੀ ਦੇ ਸੈਕਟਰ 70 ਵਿੱਚੋਂ ਇੱਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਮੁਖਤਾਰ ਅੰਸਾਰੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ ਅਤੇ ਇਸ ਸਬੰਧ ਵਿੱਚ ਪੁੱਛ-ਪੜਤਾਲ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਯੂਪੀ ਜੇਲ੍ਹ ਵਿੱਚੋਂ ਟਰਾਂਜ਼ਿਟ ਰਿਮਾਂਡ ’ਤੇ ਮੁਹਾਲੀ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁਲਿਸ ਦੇ ਨਾਕੇ ਕੋਲ ਬਣੇ ਠੇਕੇ ‘ਤੇ ਸ਼ਰਾਬ ਤੇ ਕੈਸ਼ ਚੋਰੀ, ਛੱਤ ਤੋੜ ਅੰਦਰ ਵੜੇ ਚੋਰ
ਹਾਲਾਂਕਿ, ਮੋਹਾਲੀ ਪੁਲਿਸ ਨੇ ਅਦਾਲਤ ਵਿੱਚ ਚਲਾਨ ਦਾਇਰ ਨਹੀਂ ਕੀਤਾ ਅਤੇ ਯੂਪੀ ਸਰਕਾਰ ਵੱਲੋਂ 25 ਰੀਮਾਈਂਡਰਾਂ ਦੇ ਬਾਵਜੂਦ ਸੂਬਾ ਸਰਕਾਰ ਮੁਖਤਾਰ ਅੰਸਾਰੀ ਨੂੰ ਵਾਪਸ ਭੇਜਣ ਤੋਂ ਝਿਜਕਦੀ ਰਹੀ। ਅਖੀਰ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਮੁਖਤਾਰ ਦੀ ਕਸਟਡੀ ਹਾਸਲ ਕਰ ਲਈ ਸੀ।
ਏਡੀਜੀਪੀ ਢੋਕੇ ਨੇ ਪਿਛਲੇ ਮਹੀਨੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜੋ ਮੁੱਖ ਮੰਤਰੀ ਭਗਵੰਤ ਮਾਨ ਕੋਲ ਵਿਚਾਰ ਅਧੀਨ ਹੈ। ਇਹ ਰਿਪੋਰਟ ਪਬਲਿਕ ਡੋਮੇਨ ਵਿੱਚ ਨਹੀਂ ਹੈ।
ਜਦੋਂ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ, ਉਸ ਵੇਲੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੇਲ੍ਹ ਮੰਤਰੀ ਸਨ। ਉਨ੍ਹਾਂ ਦੇ ਵਾਰਿਸ ਹਰਜੋਤ ਸਿੰਘ ਬੈਂਸ ਨੇ ਗੈਂਗਸਟਰ ਦੀ ਮਦਦ ਕਰਨ ਲਈ ਕਾਂਗਰਸ ਸਰਕਾਰ ਅਤੇ ਰੰਧਾਵਾ ਵਿਰੁੱਧ ਪ੍ਰਚਾਰ ਕੀਤਾ। ਪਿਛਲੀ ਕੈਬਨਿਟ ਦੇ ਫੇਰਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਜੋਤ ਸਿੰਘ ਬੈਂਸ ਤੋਂ ਜੇਲ੍ਹ ਵਿਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: