ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਦੇ ਤਿੰਨ ਵੱਡੇ ਦਰਿਆ ਬਿਆਸ, ਰਾਵੀ ਅਤੇ ਸਤਲੁਜ ਵਿੱਚ ਡੈਮਾਂ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਸਤਲੁਜ ਦਰਿਆ ‘ਚ ਹਰੀਕੇ ਹੈੱਡ ਤੋਂ ਪਾਣੀ ਛੱਡਣ ਕਾਰਨ ਆਏ ਹੜ੍ਹ ਕਾਰਨ ਹੁਸੈਨੀਵਾਲਾ-ਗੱਟੀ ਰਾਜੋਕੇ ਰੋਡ ‘ਤੇ ਸਥਿਤ ਇਕਲੌਤੇ ਪੁਲ ਦੇ ਸਾਹਮਣੇ ਵਾਲੀ ਸੜਕ 25 ਫੁੱਟ ਤੱਕ ਪਾਣੀ ‘ਚ ਡੁੱਬ ਜਾਣ ਕਾਰਨ ਪਾਕਿਸਤਾਨ ਨਾਲ ਲੱਗਦੇ 15 ਪਿੰਡਾਂ ਦਾ ਪੰਜਾਬ ਨਾਲੋਂ ਸੰਪਰਕ ਟੁੱਟ ਗਿਆ ਹੈ।
ਉੱਥੇ ਕਰੀਬ 15,000 ਲੋਕ ਫਸੇ ਹੋਏ ਹਨ। ਇਹ ਸੜਕ ਸਰਹੱਦੀ ਪਿੰਡਾਂ ਦੀ ਜੀਵਨ ਰੇਖਾ ਹੈ। ਇਹ ਸਾਰੇ ਪਿੰਡ ਇੱਕ ਪਾਸੇ ਪਾਕਿਸਤਾਨ ਅਤੇ ਦੋ ਪਾਸਿਆਂ ਤੋਂ ਸਤਲੁਜ ਨਾਲ ਘਿਰੇ ਹੋਏ ਹਨ। ਸਤਲੁਜ ਵਿਚ ਪਾਣੀ ਚਰਣ ਕਾਰਨ ਹੁਣ ਕਿਸ਼ਤੀ ਲੈਣਾ ਵੀ ਖ਼ਤਰੇ ਤੋਂ ਖਾਲੀ ਨਹੀਂ।
ਦੂਜੇ ਪਾਸੇ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ ਹਨ। ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਇਸ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਨਹਿਰੀ ਵਿਭਾਗ ਦੇ ਮੁੱਖ ਇੰਜਨੀਅਰ ਐਚ.ਐਸ.ਮਹਿੰਦੀਰੱਤਾ ਨੇ ਦੱਸਿਆ ਕਿ ਸੁਲੇਮਾਨ ਹੈੱਡ ਦਾ ਫਲੱਡ ਗੇਟ ਖੁੱਲ੍ਹਣ ਨਾਲ ਪੰਜਾਬ ਦਾ ਦੱਖਣੀ ਮਾਲਵਾ ਪਾਣੀ ਦੇ ਕਹਿਰ ਤੋਂ ਬਚ ਗਿਆ ਹੈ। 10 ਜੁਲਾਈ ਨੂੰ ਜਲ ਸਰੋਤ ਵਿਭਾਗ ਨੇ ਕੇਂਦਰੀ ਜਲ ਸਰੋਤ ਮੰਤਰਾਲੇ ਨੂੰ ਸੂਚਨਾ ਭੇਜੀ ਸੀ ਕਿ ਸਤਲੁਜ ਦਾ ਕਰੀਬ ਦੋ ਲੱਖ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾਵੇਗਾ।
ਨਿਯਮਾਂ ਮੁਤਾਬਕ ਜੇ ਪਾਕਿਸਤਾਨ ਵੱਲ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਣਾ ਹੈ ਤਾਂ ਉਸ ਨੂੰ ਪਹਿਲਾਂ ਹੀ ਸੂਚਿਤ ਕਰਨਾ ਜ਼ਰੂਰੀ ਹੈ। ਹਰੀਕੇ ਹੈੱਡ ਵਰਕਸ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜੋ ਅੱਗੇ ਕਸੂਰ ਅਤੇ ਫਿਰ ਹੁਸੈਨੀਵਾਲਾ ਰਾਹੀਂ ਪਾਕਿਸਤਾਨ ਨੂੰ ਜਾਂਦਾ ਹੈ। ਵੀਰਵਾਰ ਸਵੇਰੇ ਹਰੀਕੇ ਹੈੱਡ ਤੋਂ ਸਤਲੁਜ ਵਿੱਚ 90390 ਕਿਊਸਿਕ ਪਾਣੀ ਛੱਡਿਆ ਗਿਆ। ਹਾਲਾਂਕਿ ਸੁਲੇਮਾਨ ਹੈੱਡ ‘ਤੇ ਫਲੱਡ ਗੇਟ ਖੁੱਲ੍ਹਣ ਕਾਰਨ ਕੁਝ ਇਲਾਕਿਆਂ ‘ਚ ਹੜ੍ਹ ਦਾ ਪੱਧਰ ਘੱਟ ਗਿਆ ਹੈ।
ਇਸ ਦੌਰਾਨ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਨਾਲ-ਨਾਲ ਆਂਗਣਵਾੜੀ ਕੇਂਦਰਾਂ ਦੀਆਂ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਛੁੱਟੀਆਂ 13 ਜੁਲਾਈ ਤੱਕ ਸਨ। ਪੰਜਾਬ ਦੇ ਸਕੂਲਾਂ ਵਿੱਚ 40 ਲੱਖ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਵਿੱਚੋਂ 30 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ।
ਸਤਲੁਜ ‘ਚ ਹੜ੍ਹ ਆਉਣ ਕਾਰਨ ਫਿਰੋਜ਼ਪੁਰ ਦੇ ਮਮਦੋਟ ਨਾਲ ਲੱਗਦੇ ਸਰਹੱਦੀ ਪਿੰਡਾਂ ‘ਚ ਪਾਣੀ ਭਰ ਗਿਆ ਹੈ। ਕੰਡਿਆਲੀ ਤਾਰ ਦੇ ਗੇਟ ਨੰਬਰ-195 ਨੇੜੇ ਕਿਸਾਨਾਂ ਦੀ ਅੱਠ ਲੱਖ ਰੁਪਏ ਦੀ ਵੱਡੀ ਕਿਸ਼ਤੀ ਪਾਕਿਸਤਾਨ ਵੱਲ ਰੁੜ੍ਹ ਗਈ ਹੈ। ਬੀਐਸਐਫ ਦੇ ਕੰਪਨੀ ਕਮਾਂਡਰ ਸਮੇਤ 50 ਜਵਾਨ ਤੀਰਥ ਚੌਕੀ ਵਿੱਚ ਫਸੇ ਹੋਏ ਹਨ। ਇੱਥੇ ਬਿਜਲੀ ਸਪਲਾਈ ਵੀ ਠੱਪ ਹੈ। ਕਿਸਾਨਾਂ ਦੇ 40 ਟਰੈਕਟਰ-ਟਰਾਲੀਆਂ, ਇੱਕ ਜੇਸੀਬੀ ਅਤੇ ਇੱਕ ਕੰਬਾਈਨ ਵੀ ਪਾਣੀ ਵਿੱਚ ਡੁੱਬ ਗਈ ਹੈ।
ਕੇਂਦਰ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬ ਸਮੇਤ ਕਈ ਸੂਬਿਆਂ ਨੂੰ ਫੰਡ ਜਾਰੀ ਕੀਤੇ ਹਨ। ਪੰਜਾਬ ਲਈ 218.40 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਪੈਸੇ ਦੀ ਆਮਦ ਨਾਲ ਪੰਜਾਬ ਵਿੱਚ ਹੜ੍ਹਾਂ ਨਾਲ ਨਜਿੱਠਣ ਦੇ ਕੰਮ ਵਿੱਚ ਤੇਜ਼ੀ ਆਵੇਗੀ।
ਇਹ ਵੀ ਪੜ੍ਹੋ : ‘ਖਾਈਕੇ ਪਾਨ ਬਨਾ…’ ਡਾਂਸ ਕਰਦੇ-ਕਰਦੇ ਬੰਦੇ ਦੀ ਮੌ.ਤ, ਪੁੱਤ ਦੇ ਵਿਆਹ ਤੋਂ ਪਹਿਲਾ ਘਰ ‘ਚ ਛਾਇਆ ਮਾਤਮ
ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਨੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੀਰਵਾਰ ਨੂੰ ਸੰਗਰੂਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ।
ਵੀਡੀਓ ਲਈ ਕਲਿੱਕ ਕਰੋ -: