ਮੰਗਲਵਾਰ ਸ਼ਾਮ ਨੂੰ ਨਾਗਾਲੈਂਡ ਦੇ ਕੋਹਿਮਾ-ਦੀਮਾਪੁਰ ਹਾਈਵੇਅ ‘ਤੇ ਜ਼ਮੀਨ ਖਿਸਕ ਗਈ। ਹਾਈਵੇਅ ਦੇ ਇੱਕ ਪਾਸੇ ਉੱਚੇ ਪਹਾੜਾਂ ਤੋਂ ਵੱਡੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿੱਚੋਂ ਦੋ ਪੱਥਰ ਗੇਂਦ ਵਾਂਗ ਰੁੜਦੇ ਆਏ ਅਤੇ ਹਾਈਵੇਅ ‘ਤੇ ਖੜ੍ਹੀਆਂ ਤਿੰਨ ਕਾਰਾਂ ਨੂੰ ਕੁਚਲ ਦਿੱਤਾ। ਪੱਥਰ ਇੰਨੀ ਰਫਤਾਰ ਨਾਲ ਡਿੱਗੇ ਕਿ ਕਾਰਾਂ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਈਆਂ।
ਦੀਮਾਪੁਰ ਦੇ ਚੁਮੋਕੇਡਿਮਾ ‘ਚ ਹੋਏ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਪੱਥਰਾਂ ਨੇ ਜਿਨ੍ਹਾਂ ਕਾਰਾਂ ਨੂੰ ਕੁਚਲਿਆ, ਠੀਕ ਉਨ੍ਹਾਂ ਦੇ ਪਿੱਛੇ ਖੜ੍ਹੀ ਕਾਰ ਦੇ ਡੈਸ਼ਬੋਰਡ ਕੈਮਰਾ ਵਿੱਚ ਇਹ ਪੂਰੀ ਘਟਨਾ ਕੈਦ ਹੋ ਗਈ। ਸਾਹਮਣੇ ਆਈ ਵੀਡੀਓ ਮੁਤਾਬਕ ਸਿਰਫ 3 ਸਕਿੰਟਾਂ ‘ਚ ਇਕ ਤੋਂ ਬਾਅਦ ਇਕ ਤਿੰਨ ਕਾਰਾਂ ‘ਤੇ ਦੋ ਵੱਡੇ ਪੱਥਰ ਡਿੱਗੇ।
ਦੀਮਾਪੁਰ ਦੇ ਪੁਲਸ ਕਮਿਸ਼ਨਰ ਕੇਵੀਥੂਤੋ ਸੋਫੀ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਸ਼ਾਮ 5.30 ਵਜੇ ਦੀਮਾਪੁਰ ‘ਚ ਪੁਰਾਣੀ ਚੁਮੋਕੇਡਿਮਾ ਪੁਲਸ ਚੈਕਿੰਗ ਗੇਟ ਦੇ ਸਾਹਮਣੇ ਵਾਪਰਿਆ। ਹਾਦਸੇ ਵਿੱਚ ਚਾਰ ਗੱਡੀਆਂ ਨੁਕਸਾਨੀਆਂ ਗਈਆਂ। ਇਕ ਬਹੰਦੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਦੀਮਾਪੁਰ ਦੇ ਹਸਪਤਾਲ ‘ਚ ਭੇਜ ਦਿੱਤਾ ਗਿਆ। ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਹਾਈਵੇਅ ’ਤੇ ਕਾਫੀ ਦੇਰ ਤੱਕ ਟ੍ਰੈਫਿਕ ਜਾਮ ਰਿਹਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਕੁਝ ਅਧਿਕਾਰੀ ਮ੍ਰਿਤਕਾਂ ਅਤੇ ਜ਼ਖਮੀਆਂ ਬਾਰੇ ਜਾਣਕਾਰੀ ਲੈਣ ਲਈ ਹਸਪਤਾਲ ਗਏ। ਹਾਲਾਂਕਿ ਅਜੇ ਤੱਕ ਕਿਸੇ ਦੀ ਪਛਾਣ ਨਹੀਂ ਹੋ ਸਕੀ ਹੈ।
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਜਿਸ ਜਗ੍ਹਾ ‘ਤੇ ਇਹ ਹਾਦਸਾ ਹੋਇਆ ਹੈ, ਉਸ ਨੂੰ ‘ਪਕਾਲਾ ਪਹਾੜ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਥਾਂ ਜ਼ਮੀਨ ਖਿਸਕਣ ਅਤੇ ਚੱਟਾਨਾਂ ਦੇ ਡਿੱਗਣ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ : ਗਰਮੀ ਨੇ ਤੋੜੇ ਸਾਰੇ ਰਿਕਾਰਡ, 3 ਜੁਲਾਈ ਦੁਨੀਆ ਦਾ ਹੁਣ ਤੱਕ ਦਾ ਰਿਹਾ ਸਭ ਤੋਂ ਗਰਮ ਦਿਨ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ਖਮੀਆਂ ਨੂੰ ਹਰ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: