ਪੰਜਾਬ ਦੇ ਮੁਕਤਸਰ ਵਿੱਚ ਵੀਰਵਾਰ ਨੂੰ ਮੀਂਹ ਪੈਣ ਕਾਰਨ ਕੋਟਕਪੂਰਾ ਰੋਡ ‘ਤੇ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦਾ ਮੁਖੀ ਮਹਾਵੀਰ ਪ੍ਰਸਾਦ ਮਾਰਿਆ ਗਿਆ ਅਤੇ ਉਸਦੀ ਪਤਨੀ ਨਿਰਮਲਾ ਦੇਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੁੱਧਵਾਰ ਨੂੰ ਦੇਰ ਰਾਤ ਸ਼ੁਰੂ ਹੋਈ ਬਾਰਸ਼ ਵੀਰਵਾਰ ਸਵੇਰ ਤੱਕ ਜਾਰੀ ਰਹੀ।
ਮ੍ਰਿਤਕ ਮਹਾਵੀਰ ਪ੍ਰਸਾਦ ਦੇ ਬੇਟੇ ਰਿੰਕੂ ਸ਼ਰਮਾ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਵੀਰਵਾਰ ਸਵੇਰੇ ਕਰੀਬ 9 ਵਜੇ ਡਿੱਗ ਗਈ। ਉਸ ਸਮੇਂ ਉਸਦੇ ਪਿਤਾ ਮਹਾਵੀਰ ਪ੍ਰਸਾਦ ਅਤੇ ਮਾਂ ਨਿਰਮਲਾ ਦੇਵੀ ਕਮਰੇ ਵਿੱਚ ਸਨ। ਉਸਦੇ ਦੋਵੇਂ ਮਾਂ-ਪਿਓ ਛੱਤ ਦੇ ਮਲਬੇ ਹੇਠ ਦੱਬ ਗਏ।
ਰਿੰਕੂ ਅਨੁਸਾਰ ਉਸ ਵੇਲੇ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਸੀ। ਉਸਨੇ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠੇ ਕਰਕੇ ਆਪਣੇ ਮਾਪਿਆਂ ਨੂੰ ਮਲਬੇ ਤੋਂ ਕੱਢਿਆ, ਜਿਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਉਸ ਦੇ ਪਿਤਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਮਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ। ਰਿੰਕੂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਇਕੋ ਕਮਰਾ ਸੀ। ਜਦੋਂ ਕਮਰੇ ਦੀ ਛੱਤ ਡਿੱਗਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ। ਕਮਰੇ ਵਿਚ ਪਿਆ ਸਾਰਾ ਸਾਮਾਨ ਟੀ.ਵੀ., ਫਰਿੱਜ, ਬਿਸਤਰੇ, ਕੱਪੜੇ ਆਦਿ ਖਰਾਬ ਹੋ ਗਏ ਸਨ। ਰਿੰਕੂ ਨੇ ਦੱਸਿਆ ਕਿ ਹੁਣ ਉਹ ਛੱਪਰ ਪਾ ਕੇ ਬੈਠੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਅਚਾਰ ਫੈਕਟਰੀਆਂ ‘ਤੇ ਵੱਡੀ ਕਾਰਵਾਈ- ਦੋ ਯੂਨਿਟਾਂ ਬੰਦ, 9 ਨੂੰ ਠੋਕਿਆ ਲੱਖਾਂ ਦਾ ਜੁਰਮਾਨਾ
ਬਠਿੰਡਾ: ਬੰਗੀ ਨਗਰ ਵਿੱਚ ਮਕਾਨ ਦੀ ਛੱਤ ਡਿੱਗ ਗਈ
ਉਥੇ ਹੀ ਬਠਿੰਡਾ ਵਿੱਚ ਬੁੱਧਵਾਰ ਦੇਰ ਰਾਤ ਸ਼ੁਰੂ ਹੋਈ ਬਾਰਸ਼ ਵੀਰਵਾਰ ਸਵੇਰ ਤੱਕ ਜਾਰੀ ਰਹੀ, ਜਿਸ ਨਾਲ ਬੁੰਗੀ ਨਗਰ ਖੇਤਰ ਵਿਚ ਰਹਿਣ ਵਾਲੇ ਦਿਵਿਆਂਗ ਸੂਰਜ ਕੁਮਾਰ ਦੇ ਘਰ ਦੀ ਛੱਤ ਮੀਂਹ ਕਰਕੇ ਡਿੱਗ ਗਈ। ਸੂਰਜ ਕੁਮਾਰ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੇ ਮਕਾਨ ਦੀ ਛੱਤ ਬਣਾਈ ਜਾਵੇ ਅਤੇ ਉਸਦੀ ਵਿੱਤੀ ਸਹਾਇਤਾ ਦਿੱਤੀ ਜਾਵੇ।