ਇੱਕ ਸਾਲ ਤੋਂ ਵੱਧ ਸਮੇਂ ਤੋਂ ਯੂਕਰੇਨ ਤੇ ਰੂਸ ਦੀ ਜੰਗ ਚੱਲ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਯੂਕਰੇਨ ਇੰਨੇ ਲੰਮੇ ਸਮੇਂ ਤੱਕ ਜੰਗ ਵਿੱਚ ਡਟਿਆ ਰਹੇਗਾ। ਇਸੇ ਵਿਚਾਲੇ ਪੁਤਿਨ ਨੇ ਇੱਕ ਨਵਾਂ ਐਲਾਨ ਕੀਤਾ ਹੈ। ਪੁਤਿਨ ਨੇ ਕਿਹਾ ਕਿ ਰੂਸ ਜੁਲਾਈ ਤੱਕ ਬੇਲਾਰੂਸ ਦੀ ਸਰਹੱਦ ‘ਤੇ ਰਣਨੀਤਕ ਪ੍ਰਮਾਣੂ ਹਥਿਆਰ ਤਾਇਨਾਤ ਕਰੇਗਾ। ਪੁਤਿਨ ਨੇ ਇਸ ਕਦਮ ਦੀ ਤੁਲਨਾ ਯੂਰਪ ਵਿੱਚ ਅਮਰੀਕਾ ਦੇ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਨਾਲ ਕੀਤੀ। ਪ੍ਰਮਾਣੂ ਹਥਿਆਰਾਂ ਦੀ ਇਸ ਤਾਇਨਾਤੀ ਲਈ ਪੁਤਿਨ ਨੇ ਗੁਆਂਢੀ ਦੇਸ਼ ਬੇਲਾਰੂਸ ਨਾਲ ਸਮਝੌਤਾ ਕੀਤਾ ਹੈ।
ਰਿਪੋਰਟ ਮੁਤਾਬਕ ਵੱਡੀ ਗੱਲ ਇਹ ਹੈ ਕਿ ਰੂਸ ਪਰਮਾਣੂ ਹਥਿਆਰਾਂ ਦਾ ਕੰਟਰੋਲ ਗੁਆਂਢੀ ਦੇਸ਼ ਬੇਲਾਰੂਸ ਨੂੰ ਸੌਂਪਣ ਨਹੀਂ ਜਾ ਰਿਹਾ ਹੈ। ਪੁਤਿਨ ਨੇ ਕਿਹਾ ਕਿ ਰੂਸ ਪਰਮਾਣੂ ਹਥਿਆਰਾਂ ਦਾ ਕੰਟਰੋਲ ਬੇਲਾਰੂਸ ਨੂੰ ਨਹੀਂ ਦੇਵੇਗਾ। ਪੁਤਿਨ ਨੇ ਦੱਸਿਆ ਕਿ 1 ਜੁਲਾਈ ਨੂੰ ਬੇਲਾਰੂਸ ਵਿੱਚ ਰਣਨੀਤਕ ਪ੍ਰਮਾਣੂ ਹਥਿਆਰਾਂ ਲਈ ਸਟੋਰੇਜ ਯੂਨਿਟਾਂ ਦਾ ਨਿਰਮਾਣ ਪੂਰਾ ਹੋ ਜਾਵੇਗਾ। ਰੂਸੀ ਨੇਤਾ ਨੇ ਕਿਹਾ ਕਿ ਮਾਸਕੋ ਪਹਿਲਾਂ ਹੀ ਬੇਲਾਰੂਸ ਨੂੰ ਇੱਕ ਛੋਟੀ ਦੂਰੀ ਦੀ ਮਿਜ਼ਾਈਲ ਦਾ ਤਬਾਦਲਾ ਕਰ ਚੁੱਕਾ ਹੈ।
ਜੰਗ ਵਿਚਾਲੇ ਰੂਸ ਦੇ ਇਸ ਕਦਮ ਨੂੰ ਉਸ ਦੇ ਸਭ ਤੋਂ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਤਾਇਨਾਤੀ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਦੀ ਲੰਬੇ ਸਮੇਂ ਤੋਂ ਕੀਤੀ ਗਈ ਬੇਨਤੀ ਤੋਂ ਬਾਅਦ ਕੀਤੀ ਗਈ ਹੈ। ਉਹ ਪਹਿਲਾਂ ਹੀ ਦੇਸ਼ ਵਿੱਚ ਪਰਮਾਣੂ ਹਥਿਆਰਾਂ ਦੀ ਤਾਇਨਾਤੀ ਦਾ ਮੁੱਦਾ ਚੁੱਕਦੇ ਰਹੇ ਹਨ।
ਇਹ ਵੀ ਪੜ੍ਹੋ : ਸੰਸਦ ਦੀ ਮੈਂਬਰਸ਼ਿਪ ਗੁਆਉਣ ਮਗਰੋਂ ਰਾਹੁਲ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ- ‘Dis’Qualified MP’
ਪੁਤਿਨ ਨੇ ਕਿਹਾ ਕਿ ਇੱਥੇ ਕੁਝ ਵੀ ਅਸਾਧਾਰਨ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਦਹਾਕਿਆਂ ਤੋਂ ਅਜਿਹਾ ਕਰਦਾ ਆ ਰਿਹਾ ਹੈ। ਉਨ੍ਹਾਂ ਨੇ ਯੂਰਪ ਦੇ ਛੇ ਵੱਖ-ਵੱਖ ਨਾਟੋ ਸਹਿਯੋਗੀ ਦੇਸ਼ਾਂ ਕੋਲ ਆਪਣੇ ਰਣਨੀਤਕ ਪ੍ਰਮਾਣੂ ਹਥਿਆਰ ਰੱਖੇ ਸਨ। ਦੱਸਿਆ ਜਾਂਦਾ ਹੈ ਕਿ ਪੁਤਿਨ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਯੂਕਰੇਨ ਯੁੱਧ ਕਾਰਨ ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਲਗਾਤਾਰ ਵਧ ਰਿਹਾ ਹੈ। ਪੁਤਿਨ ਕਈ ਵਾਰ ਪ੍ਰਮਾਣੂ ਹਮਲੇ ਦੀ ਚੇਤਾਵਨੀ ਦੇ ਚੁੱਕੇ ਹਨ। ਪੁਤਿਨ ਨੇ ਇਕ ਵਾਰ ਫਿਰ ਪੱਛਮੀ ਦੇਸ਼ਾਂ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ‘ਤੇ ਯੂਕਰੇਨ ਸੰਕਟ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: