ਨਵੀਂ ਦਿੱਲੀ: ਰਾਜਸਥਾਨ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਉਥਲ-ਪੁਥਲ ਸਾਹਮਣੇ ਆ ਰਹੀ ਹੈ। ਕਾਂਗਰਸ ਨੇਤਾ ਸਚਿਨ ਪਾਇਲਟ ਨੇ ਸੂਬੇ ‘ਚ ਸੱਤਾ ਪਲਟਾਉਣ ਦੀ ਖੁੱਲ੍ਹ ਕੇ ਮੰਗ ਕੀਤੀ ਹੈ। ਰਿਪੋਰਟਾਂ ਮੁਤਾਬਕ ਸਚਿਨ ਪਾਇਲਟ ਨੇ ਸੋਨੀਆ ਗਾਂਧੀ ਨੂੰ ਨਸੀਹਤ ਦਿੱਤੀ ਹੈ ਕਿ ਉਹ ਬਿਨਾਂ ਦੇਰ ਕੀਤਿਆਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਬਦਲ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸੂਬੇ ਵਿੱਚ ਵਾਪਸੀ ਹੋ ਸਕੇ।
ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਚਿਨ ਪਾਇਲਟ ਨੇ ਕਥਿਤ ਤੌਰ ‘ਤੇ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਤਾਂ ਕਾਂਗਰਸ ਨੂੰ ਪੰਜਾਬ ਵਾਂਗ ਰਾਜਸਥਾਨ ਵਿੱਚ ਵੀ ਹਾਰ ਦਾ ਮੂੰਹ ਵੇਖਣਾ ਪੈ ਸਕਦਾ ਹੈ।
ਦੱਸ ਦੇਈਏ ਕਿ ਪੰਜਾਬ ‘ਚ ਕਾਂਗਰਸ ਨੇ ਆਖਰੀ ਸਮੇਂ ‘ਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਕਾਂਗਰਸ ਦਾ ਇਹ ਕਦਮ ਨਾਕਾਮ ਸਾਬਤ ਹੋਈ।
ਰਿਪੋਰਟਾਂ ਮੁਤਾਬਕ ਸਚਿਨ ਪਾਇਲਟ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਗਾਂਧੀ ਪਰਿਵਾਰ ਨਾਲ ਤਿੰਨ ਮੀਟਿੰਗਾਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਸਪੱਸ਼ਟ ਤੌਰ ‘ਤੇ ਕਾਂਗਰਸ ਹਾਈਕਮਾਨ ਅੱਗੇ ਆਪਣੀ ਗੱਲ ਰੱਖੀ ਹੈ।
ਦੱਸ ਦੇਈਏ ਕਿ ਰਾਜਸਥਾਨ ਵਿੱਚ ਅਗਲੇ ਸਾਲ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਰਾਜ ਵਿੱਚ ਸੀ.ਐੱਮ. ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦਾ ਆਪਣਾ-ਆਪਣਾ ਧੜਾ ਹੈ। ਇਸ ਤੋਂ ਪਹਿਲਾਂ ਵੀ ਦੋਹਾਂ ਧੜਿਆਂ ਵਿਚਾਲੇ ਤਣਾਅ ਦੀਆਂ ਖਬਰਾਂ ਆ ਚੁੱਕੀਆਂ ਹਨ।
ਸਚਿਨ ਪਾਇਲਟ ਇਸ ਤੋਂ ਪਹਿਲਾਂ ਸੂਬੇ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ, ਪਰ 2020 ‘ਚ ਉਨ੍ਹਾਂ ਦੀ ਬਾਗੀ ਆਵਾਜ਼ ਕਰਕੇ ਦੋਵੇਂ ਅਹੁਦੇ ਉਨ੍ਹਾਂ ਤੋਂ ਖੋਹ ਲਏ ਗਏ ਸਨ। ਸਚਿਨ ਪਾਇਲਟ ਦੇ ਸਮਰਥਕ ਲਗਾਤਾਰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਹੁਣ ਸਚਿਨ ਪਾਇਲਟ ਵੱਲੋਂ ਕਾਂਗਰਸ ਹਾਈਕਮਾਨ ਦੇ ਸਾਹਮਣੇ ਪਾਰਟੀ ‘ਚ ਬਗਾਵਤ ਨੂੰ ਰੋਕਣ ਦੀ ਚੁਣੌਤੀ ਹੈ ਕਿਉਂਕਿ ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਧੜਾ ਵੀ ਕਾਫੀ ਮਜ਼ਬੂਤ ਹੈ।