ਮੁਹਾਲੀ, 15 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸੱਤਾ ਵਿਚ ਆਉਣ ’ਤੇ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇਗੀ।
ਇਥੇ ਪਾਰਟੀ ਦੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੇ ਹੱਕ ਵਿਚ ਇਕ ਪ੍ਰਭਾਵਸ਼ਾਲੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਸਰਕਾਰੀ ਮੁਲਾਜ਼ਮਾਂ ਦੀ ਮੰਗ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਵਚਨਬੱਧ ਹਾਂ। ਅਸੀਂ ਸਰਕਾਰ ਬਣਨ ਦੇ ਤੁਰੰਤ ਬਾਅਦ ਇਹ ਸਕੀਮ ਲਾਗੂ ਕਰਨ ’ਤੇ ਪੈਣ ਵਾਲੇ ਵਿੱਤੀ ਪ੍ਰਭਾਵ ਦਾ ਹਿਸਾਬ ਕਿਤਾਬ ਲਗਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਵੀ ਦੂਰ ਕਰਾਂਗੇ ਅਤੇ ਸਾਰੇ ਠੇਕਾ ਮੁਲਾਜ਼ਮ ਵੀ ਰੈਗੂਲਰ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਮੁਲਾਜ਼ਮ ਭਲਾਈ ਬੋਰਡ ਬਣਾਉਣ ਲਈ ਵੀ ਵਚਨਬੱਧ ਹੈ ਜੋ ਕਿ ਸਰਕਾਰੀ ਮੁਲਾਜ਼ਮਾਂ ਦੇ ਸਾਰੇ ਲਟਕਦੇ ਮਸਲੇ ਚੁੱਕੇਗਾ ਅਤੇ ਇਹ ਛੇਤੀ ਤੋਂ ਛੇਤੀ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਅਕਾਲੀ ਦਲ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਸਨੇ ਪਹਿਲਾਂ ਵੀ ਵੱਖ ਵੱਖ ਤਨਖਾਹ ਕਮਿਸ਼ਨ ਲਾਗੂ ਕਰਨ ਸਮੇਤ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦੇ ਨਿਭਾਏ ਹਨ।
ਸ. ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਸਥਾਨਕ ਵਿਧਾਇਕ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਲੋਕਾਂ ਨੂੰ ਲੁੱਟਿਆ ਅਤੇ ਸਿਹਤ ਮੰਤਰੀ ਵਜੋਂ ਵੈਕਸੀਨ ਤੇ ਕੋਰੋਨਾ ਕਿੱਟਾਂ ਵਿਚ ਬਹੁ ਕਰੋੜੀ ਘਪਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਮੋਹਾਲੀ ਦੇ ਵਿਕਾਸ ਦੀ ਭੋਰਾ ਪਰਵਾਹ ਨਹੀਂ ਕੀਤੀ ਤੇ ਸ਼ਹਿਰ ਵਿਚ ਕੌਮਾਂਤਰੀ ਹਵਾਈ ਅੱਡਾ, ਆਈਟੀ ਪਾਰਕ, ਆਈ ਐਸ ਬੀ ਅਤੇ ਵਿਸ਼ਵ ਪੱਧਰੀ ਸੜਕਾਂ ਸਮੇਤ ਜੋ ਵੀ ਵਿਕਾਸ ਹੋਇਆ, ਉਹ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਇਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਇਸਦੀਆਂ ਝੂਠੀਆਂ ਗਾਰੰਟੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਸਾਧਾਰਣ ਬੰਦਿਆਂ ਨੂੰ ਟਿਕਟਾਂ ਦੇਵੇਗੀ। ਉਨ੍ਹਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਇਸਦੇ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਟਿਕਟਾਂ ਵੇਚ ਦਿੱਤੀਆਂ ਅਤੇ 65 ਟਿਕਟਾਂ ਦਲ ਬਦਲੂਆਂ ਨੁੰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਟਿਕਟ ਵੀ ਪ੍ਰਾਪਰਟੀ ਕਾਰੋਬਾਰੀ ਕੁਲਵੰਤ ਸਿੰਘ ਨੂੰ ਵੇਚੀ ਗਈ ਜਿਸਨੇ ਹਮੇਸ਼ਾ ਮੌਕਾਪ੍ਰਸਤੀ ਦੀ ਸਿਆਸਤ ਕੀਤੀ ਤੇ ਕਦੇ ਇਕ ਪਾਰਟੀ ਤੇ ਕਦੇ ਦੂਜੀ ਪਾਰਟੀ ਵਿਚ ਸ਼ਾਮਲ ਹੁੰਦੇ ਰਹੇ।
ਪਰਵਿੰਦਰ ਸਿੰਘ ਸੋਹਣਾ ਦੀਆਂ ਸਿਫਤਾਂ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੋਹਣਾ ਸਹੀ ਅਰਥਾਂ ਵਿਚ ਪੁਆਧੀ ਆਗੂ ਹੈ ਜੋ ਨਾ ਸਿਰਫ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹੈ ਬਲਕਿ ਇਹ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਰਾਜਕਾਲ ਵਿਚ ਠੱਪ ਹੋਏ ਮੁਹਾਲੀ ਦੇ ਵਿਕਾਸ ਕਾਰਜ ਮੁੜ ਆਰੰਭ ਕਰਵਾਏਗੀ ਅਤੇ ਅਸੀਂ ਮੋਹਾਲੀ ਦੀ ਪੁਰਾਣੀ ਸ਼ਾਨ ਬਹਾਲ ਕਰਾਂਗੇ ਤੇ ਇਥੇ ਕੌਮਾਂਤਰੀ ਆਈ ਟੀ ਤੇ ਟਰੇਨਿੰਗ ਹਬ ਬਣਾਵਾਂਗੇ।