ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸੰਯੁਕਤ ਸਮਾਜ ਮੋਰਚੇ ਦੇ ਨਾਲ ਸਿਆਸਤ ਵਿੱਚ ਕਦਮ ਰੱਖ ਚੁੱਕੇ ਹਨ। ਬਾਕੀ ਸਿਆਸੀ ਪਾਰਟੀਆਂ ਦੇ ਨਾਲ ਸੰਯੁਕਤ ਸਮਾਜ ਮੋਰਚਾ ਵੀ ਇਸ ਵਾਰ ਚੋਣ ਮੈਦਾਨ ਵਿੱਚ ਹੈ। ਇੱਕ ਇੰਟਰਵਿਊ ਦੌਰਾਨ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਾਰਨ ਲਈ 22 ਜਥੇਬੰਦੀਆਂ ਨੇ ਸਿਆਸਤ ਵਿੱਚ ਆਉਣ ਦਾ ਫੈਸਲਾ ਲਿਆ ਹੈ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ‘ਤੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਅਸੀਂ ਸਿਆਸਤ ਵਿੱਚ ਗੱਦੀ ਦਾ ਸੁੱਖ ਭੋਗਣ ਲਈ ਨਹੀਂ ਆ ਰਹੇ, ਸਗੋਂ ਪੰਜਾਬ ਨੂੰ ਬਚਾਉਣ ਤੇ ਸਿਸਟਮ ਵਿੱਚ ਸੁਧਾਰ ਕਰਨ ਲਈ ਆ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਸੰਯੁਕਤ ਸਮਾਜ ਮੋਰਚਾ ਸਾਰੀਆਂ 117 ਸੀਟਾਂ ‘ਤੇ ਚੋਣ ਲੜ ਰਿਹਾ ਹੈ। ਚੜੂਨੀ ਦੀ ਪਾਰਟੀ ਵੀ ਸਾਡਾ ਹੀ ਹਿੱਸਾ ਹੈ ਤੇ ਉਹ 10 ਸੀਟਾਂ ‘ਤੇ ਚੋਣ ਲੜਨਗੇ ਤੇ ਅਸੀਂ ਅਜੇ ਤੱਕ 57 ਸੀਟਾਂ ‘ਤੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਉਗਰਾਹਾਂ ਸਾਡੀ ਜਥੇਬੰਦੀ ਵਿੱਚ ਸ਼ਾਮਲ ਨਹੀਂ ਹੈ। ਪਰ ਇਕ ਵੇਲਾ ਉਹ ਵੀ ਆਵੇਗਾ ਕਿ ਉਹ ਵੀ ਲੜਨਗੇ। ਅੱਜ ਨਹੀਂ ਤਾਂ ਕੱਲ੍ਹ ਲੜਨਗੇ ਜ਼ਰੂਰ।
ਬਲਬੀਰ ਰਾਜੇਵਾਲ ਨੇ ਕਿਹਾ ਕਿ ਲੋਕ ਸਾਡੇ ਨਾਲ ਹਨ। ਲੋਕ ਅੰਦੋਲਨ ਦੇ ਨਾਲ ਹਨ। ਅੰਦੋਲਨਕਾਰੀਆਂ ਦੇ ਨਾਲ ਹਨ। ਅੰਦੋਲਨ ਵਿੱਚ ਜੋ ਲੋਕ ਗਏ ਸਿਰਫ ਉਹ ਸਾਡੇ ਨਾਲ ਹਨ, ਇਹ ਗਲਤਫਹਿਮੀ ਆਉਣ ਵਾਲੇ 5 ਤੋਂ 7 ਦਿਨਾਂ ਵਿੱਚ ਨਿਕਲ ਜਾਏਗੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਇਸ ਵਾਰ ਸਰਕਾਰ ਸੰਯੁਕਤ ਸਮਾਜ ਮੋਰਚਾ ਦੀ ਹੀ ਬਣੇਗੀ। ਮੋਰਚੇ ਦੇ ਹਿੱਸੇ ਸੀਟਾਂ ਕਿੰਨੀਆਂ ਆਉਂਦੀਆਂ ਹਨ ਇਹ ਤਾਂ ਸਮਾਂ ਹੀ ਦੱਸੇਗਾ। ਇਸ ਪਿੱਛੋਂ ਜਿਵੇਂ ਮੋਰਚੇ ਦੇ ਲੋਕ ਕਹਿਣਗੇ ਉਹ ਜ਼ਿੰਮੇਵਾਰੀ ਮੈਂ ਨਿਭਾਵਾਂਗਾ।