ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਣੀ ਨੇ ਆਪਣੇ ਕਾਗਜ਼ ਪੰਜਾਬ ਵਿਧਾਨ ਸਭਾ ਦੇ ਸਕੱਤਰ ਕੋਲ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ।
ਦੱਸਣਯੋਗ ਹੈ ਕਿ ਸੰਤ ਸੀਚੇਵਾਲ ਤੇ ਸਾਹਨੀ ਦਾ ਰਾਜ ਸਭਾ ਪੁੱਜਣਾ ਤੈਅ ਹੈ। ਪੰਜਾਬ ‘ਚ ‘ਆਪ’ ਦੇ 117 ‘ਚੋਂ 92 ਵਿਧਾਇਕ ਹਨ। ਇਸੇ ਲਈ ਹੁਣ ਤੱਕ ਕਿਸੇ ਨੇ ਵੀ ਉਨ੍ਹਾਂ ਵਿਰੁੱਧ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਹੈ।
ਇਹ ਚੋਣ ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਹੋ ਰਹੀ ਹੈ। ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ। ਹੁਣ ਨਾਮਜ਼ਦਗੀ ਪੱਤਰਾਂ ਦੀ ਪੜਤਾਲ 1 ਜੂਨ ਨੂੰ ਹੋਵੇਗੀ। ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ 10 ਜੂਨ ਨੂੰ ਵੋਟਾਂ ਪੈਣਗੀਆਂ।
ਹਾਲਾਂਕਿ ਇਨ੍ਹਾਂ ਸੀਟਾਂ ਤੋਂ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਹੈ। ਇਸ ਲਈ ਸੰਤ ਸੀਚੇਵਾਲ ਅਤੇ ਸਾਹਣੀ ਨੂੰ ਜੇਤੂ ਐਲਾਨਿਆ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਵਿੱਚ ਰਾਜ ਸਭਾ ਦੀਆਂ 5 ਸੀਟਾਂ ਵੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਇਨ੍ਹਾਂ ਵਿੱਚ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨੂੰ ‘ਆਪ’ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: