ਪੰਜਾਬ ਵਿੱਚ ਅਪਰਾਧੀਆਂ ਦੇ ਵਧ ਰਹੇ ਜਜ਼ਬੇ ਨੂੰ ਠੱਲ੍ਹ ਪਾਉਣ ਲਈ ਅਤੇ ਨਸ਼ੇ ਦੇ ਖਾਤਮੇ ਲਈ ਅੱਜ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਪੰਜਾਬ ਪੁਲਿਸ ਨੇ ਲੋੜੀਂਦੇ ਅਪਰਾਧੀਆਂ ਨੂੰ ਫੜਨ ਲਈ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਦੇ ਲਈ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਅਪਰਾਧੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਵਿਸ਼ੇਸ਼ ਮੁਹਿੰਮ ਰਾਹੀਂ ਪੁਲਿਸ ਪੰਜਾਬ ਵਿੱਚ ਵੱਧ ਰਹੇ ਅਪਰਾਧ ਦੇ ਗ੍ਰਾਫ਼ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਪੁਲਿਸ ਦੇ ਨਵੇਂ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੋਂ ਬਾਅਦ ਪਹਿਲੀ ਵਾਰ ਸੂਬੇ ਵਿੱਚ ਇੰਨੇ ਵੱਡੇ ਪੱਧਰ ‘ਤੇ ਅਪਰਾਧੀਆਂ ਨੂੰ ਫੜਨ ਲਈ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ।
ਪੰਜਾਬ ਪੁਲਿਸ ਮੁਤਾਬਕ ਇਹ ਸਰਚ ਆਪਰੇਸ਼ਨ ਅੱਜ ਬਾਅਦ ਦੁਪਹਿਰ 3 ਵਜੇ ਤੱਕ ਚਲਾਇਆ ਗਿਆ। ਇਸ ਵਿਸ਼ੇਸ਼ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਹਰ ਜ਼ਿਲ੍ਹੇ ਦੀ ਪੁਲਿਸ ਦੇ ਇੱਕ ਸੀਨੀਅਰ ਆਈ.ਪੀ.ਐਸ ਅਧਿਕਾਰੀ ਨੂੰ ਨਿਗਰਾਨ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਫੈਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਨਸ਼ਿਆਂ ਅਤੇ ਹਥਿਆਰਾਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਸਾਬਕਾ ਵਿਦਾਇਕ ਜਰਨੈਲ ਸਿੰਘ ਨੇ ਇਸ ਨੂੰ ਪੰਜਾਬ ਵਿੱਚ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਮਾਨ ਸਰਕਾਰ ਦੀ ਵੱਡੀ ਸ਼ੁਰੂਆਤ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਡੀਜੀਪੀ ਪੁਲਿਸ ਜ਼ਿਲ੍ਹਾ ਪੱਧਰ ‘ਤੇ IPS ਅਫਸਰਾਂ ਦੀਆਂ ਟੀਮਾਂ ਬਣਆ ਕੇ ਖੁਦ ਸਰਚ ਆਪ੍ਰੇਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਤਿੰਨ ਦਿਨ ਪਹਿਲਾਂ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੁਲਿਸ ਵਿੱਚ ਵਿਆਪਕ ਫੇਰਬਦਲ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ 334 ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਸ ਦੇ ਨਾਲ ਹੀ 1992 ਦੇ ਪੰਜਾਬ ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਦੇ ਨਵੇਂ ਡੀਜੀਪੀ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।
ਗੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਸੀ.ਐਮ.ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਅਤੇ ਗੈਂਗਸਟਰਾਂ ਦਾ ਸਫਾਇਆ ਕਰਕੇ ਅਮਨ-ਕਾਨੂੰਨ ਦੀ ਸਥਾਪਨਾ ਲਈ ਨਸ਼ਿਆਂ ਖਿਲਾਫ ਮੁਹਿੰਮ ਵਿੱਢੇਗੀ।
ਵੀਡੀਓ ਲਈ ਕਲਿੱਕ ਕਰੋ -: