ਬੜੇ ਭਾਗਾਂ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਮਾਂ-ਬਾਪ ਦਾ ਪਿਆਰ ਮਿਲਦਾ ਹੈ ਪਰ ਸਰਦੂਲਗੜ੍ਹ ਵਿੱਚ ਦੋ ਭੈਣ-ਭਰਾਵਾਂ ‘ਤੇ ਇੰਨਾ ਕਹਿਰ ਵਰ੍ਹਿਆ ਕਿ ਉਨ੍ਹਾਂ ਦੇ ਦੋਵੇਂ ਮਾਪਿਆਂ ਦਾ ਸਾਇਆ ਉਨ੍ਹਾਂ ਤੋਂ ਉਠ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਕੱਚੇ ਘਰ ਵਿੱਚ ਰਹਿੰਦੇ ਛੋਟੇ-ਛੋਟੇ ਬੱਚੇ ਖੁਦ ਕੰਮ ਕਰਦੇ। ਦੋਵੇਂ ਬਿਨ ਮਾਪਿਆਂ ਦੇ ਬੱਚੇ ਰੋ-ਰੋ ਜ਼ਿੰਦਗੀ ਬਿਤਾ ਰਹੇ ਹਨ। ਪਰ ਇੱਕ ਦਿਨ ਇਨ੍ਹਾਂ ਦੀ ਵੀਡ਼ੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਜਿਸ ਪਿੱਛੋਂ ਬੱਚਿਆਂ ਦੀ ਕਿਸਮਤ ਹੀ ਬਦਲ ਗਈ।
ਦਰਅਸਲ ਇਹ ਵੀਡੀਓ ਸਰਦੂਲਗੜ੍ਹ ਦੇ ਇੱਕ ਸਮਾਜ ਸੇਵੀ ਟਰੱਸਟ ਦੇ ਮੈਂਬਰਾਂ ਨੇ ਦੇਖੀ। ਉਨ੍ਹਾਂ ਨੇ ਬੱਚਿਆਂ ਨਾਲ ਸੰਪਰਕ ਕੀਤਾ ਤੇ ਫਿਰ ਬੱਚਿਆਂ ਦੀ ਮਦਦ ਲਈ ਅੱਗੇ ਆਏ। ਟਰੱਸਟ ਵੱਲੋਂ ਉਨ੍ਹਾਂ ਨੂੰ ਨਵਾਂ ਘਰ ਤਿਆਰ ਕਰਵਾ ਕੇ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
ਭੈਣ-ਭਰਾਵਾਂ ਵਿੱਚੋਂ ਲਗਭਗ 13-14 ਸਾਲ ਦੇ ਕਰਨ ਨੇ ਦੱਸਿਆ ਕਿ ਉਹ ਨਾਈ ਦਾ ਕੰਮ ਸਿੱਖਦਾ ਹੈ ਅਤੇ ਉਸ ਨੰ 40 ਰੁਪਏ ਦਿਹਾੜੀ ਮਿਲਦੀ ਹੈ। ਉਹ ਦਿਨ ਵਿੱਚ 13-14 ਘੰਟੇ ਕੰਮ ਕਰਦਾ ਹੈ। ਕਦੇ-ਕਦੇ ਇੱਦਾਂ ਵੀ ਹੁੰਦਾ ਸੀ ਕਿ ਉਨ੍ਹਾਂ ਨੂੰ ਬਿਨਾਂ ਰੋਟੀ ਖਾਧਿਆਂ ਵੀ ਸੌਣਾ ਪਿਆ। ਉਥੇ ਹੀ 8-9 ਸਾਲਾਂ ਦੇ ਕਰੀਬ ਉਸ ਦੀ ਭੈਣ ਨੇ ਕਿਹਾ ਕਿ ਅਸੀਂ ਪੁਰਾਣੇ ਘਰ ਵਿੱਚ ਬਹੁਤ ਦੁੱਖ ਦੇਖਿਆ ਪਰ ਹੁਣ ਨਵੇਂ ਘਰ ਵਿੱਚ ਆ ਕੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ। ਟਰੱਸਟ ਵਾਲੇ ਅੰਕਲ ਸਾਡਾ ਹਾਲ-ਚਾਲ ਪੁੱਛਦੇ ਹਨ ਸਾਡੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਇਸ ਵੇਲੇ ਬੱਚਿਆਂ ਦੀ ਦਾਦੀ ਵੀ ਉਨ੍ਹਾਂ ਨਾਲ ਰਹਿ ਰਹੀ ਹੈ।
ਸਮਾਜ ਸੇਵੀ ਟਰੱਸਟ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਹਰ ਵੇਲੇ ਬੱਚਿਆਂ ਦੀ ਮਦਦ ਲਈ ਤਿਆਰ ਹਾਂ ਤੇ ਉਨ੍ਹਾਂ ਦੇ ਸੰਪਰਕ ਵਿੱਚ ਰਹਾਂਗੇ ਤਾਂਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਟਰੱਸਟ ਵੱਲੋਂ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿਛਲੇ ਦਸੰਬਰ ਦੇ ਪਹਿਲੇ ਐਤਵਾਰ ਨੂੰ ਇਸ ਦਾ ਮਹੂਰਤ ਕੀਤਾ ਗਿਆ ਸੀ। ਟਰੱਸਟ ਬੱਚਿਆਂ ਦੇ ਰਾਸ਼ਨ-ਪਾਣੀ ਅਤੇ ਪੜ੍ਹਾਈ ਆਦਿ ਲਈ ਹਰ ਮਦਦ ਵਾਸਤੇ ਹਾਜ਼ਰ ਰਹਿੰਦਾ ਹੈ। ਬੱਚਿਆਂ ਨੂੰ ਖੁਸ਼ ਵੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੱਸਿਆ ਪਰਸੋਂ ਬੱਚੀ ਦਾ ਜਨਮ ਦਿਨ ਵੀ ਸੀ ਅਸੀਂ ਉਨ੍ਹਾਂ ਲਈ ਕੇਕ ਵੀ ਲੈ ਕੇ ਭੇਜਿਆ ਤਾਂਜੋ ਬੱਚੇ ਜਨਮ ਦਿਨ ਦੀ ਖੁਸ਼ੀ ਮਨਾ ਸਕਣ।