ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਕਪੂਰਥਲਾ ਜ਼ਿਲ੍ਹੇ ਦੇ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪੂਰੇ ਮਾਨ-ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਾਨਾਂ ਤਲਵੰਡੀ ਵਿੱਚ ਪਹੁੰਚ ਚੁੱਕੀ ਹੈ।
ਸ਼ਹੀਦ ਦੀ ਮ੍ਰਿਤਕ ਦੇਹ ਪੂਰੇ ਸਨਮਾਨ ਨਾਲ ਫੌਜ ਦੀ ਗੱਡੀ ਵਿੱਚ ਦੇਸ਼ ਦੇ ਤਿਰੰਗੇ ਝੰਡੇ ਵਿੱਚ ਲਪੇਟ ਕੇ ਲਿਆਂਦੀ ਗਈ। ਇਸ ਮੌਕੇ ‘ਤੇ ਸ਼ਹੀਦ ਦੇ ਪਿੰਡ ਵਿੱਚ ਸੋਗ ਦੀ ਲਹਿਰ ਦਾ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਲੋਕ ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਹੋਏ ਹਨ।
ਦੱਸ ਦੇਈਏ ਕਿ ਸ਼ਹੀਦ ਦੀ ਮਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪਰਿਵਾਰ ਨੂੰ ਇਸ ਸ਼ਹਾਦਤ ਬਾਰੇ ਨਹੀਂ ਦੱਸਿਆ ਗਿਆ ਸੀ, ਜਦਕਿ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੂੰ ਗੋਲ਼ੀ ਲੱਗਣ ਕਰਕੇ ਗੰਭੀਰ ਹਾਲਤ ਹੋਣ ਬਾਰੇ ਹੀ ਕਿਹਾ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਸ਼ਹੀਦ ਜਸਵਿੰਦਰ ਸਿੰਘ ਦੇ ਘਰ ਸ਼ਰਧਾਂਜਲੀ ਦੇਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਦੌਰਾਨ ਉਹ ਸ਼ਹੀਦ ਦੇ ਪਰਿਵਾਰ ਨਾਲ ਗੱਲ ਕਰਦੇ ਭਾਵੁਕ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਝਟਕਾ ਹੈ। ਸਾਡੇ ਨੌਜਵਾਨਾਂ ਦੇ ਸਿਰ ’ਤੇ ਦੇਸ਼ ਖੜ੍ਹਾ ਹੈ। ਇਨ੍ਹਾਂ ਵਰਗੇ ਅਜਿਹੇ ਬਹੁਤ ਸਾਰੇ ਨੌਜਵਾਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਹੈ। ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਕਿਹਾ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸੂਬੇਦਾਰ ਜਸਵਿੰਦਰ ਸਿੰਘ ਦੇ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਪਿੰਡ ਵਿਚ ਹੀ ਰਹਿ ਰਹੇ ਹਨ ਅਤੇ ਮਾਤਾ ਮਨਜੀਤ ਕੌਰ ਵੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਰਹਿੰਦੇ ਹਨ। ਸ਼ਹੀਦ ਦੀ ਅੰਤਿਮ ਵਿਦਾਈ ਦੌਰਾਨ ਸਾਰਿਆਂ ਦੀਆਂ ਅੱਖਾਂ ‘ਚੋਂ ਹੰਝੂ ਰੁਕ ਨਹੀਂ ਰਹੇ।
ਵੀਡੀਓ ਲਈ ਕਲਿੱਕ ਕਰੋ-
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਇਹ ਵੀ ਪੜ੍ਹੋ : ਪਿੰਡ ਚੱਠਾ ਪਹੁੰਚੀ ਸ਼ਹੀਦ ਮਨਦੀਪ ਸਿੰਘ ਦੀ ਦੇਹ, ਵਿਦੇਸ਼ੋਂ ਭੁੱਬਾਂ ਮਾਰ ਰੌਂਦਾ ਆਇਆ ਛੋਟਾ ਭਰਾ (ਤਸਵੀਰਾਂ)