ਮਜੀਠਾ : ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਿੱਲੀ ਤੋਂ ਪੰਜਾਬ ਨੂੰ ਕਦੇ ਨਿਆਂ ਨਹੀਂ ਮਿਲਿਆ ਤੇ ਲੋਕ ਇਸ ਵਾਰ ਆਮ ਆਦਮੀ ਪਾਰਟੀ (ਆਪ) ਤੋਂ ਨਿਆਂ ਹੀ ਆਸ ਨਹੀਂ ਕਰ ਸਕਦੇ ਕਿਉਂਕਿ ਉਸਨੇ ਪੰਜਾਬ ਵਿਚ ਕੀਤੇ ਵਾਅਦਿਆਂ ਵਿਚੋਂ ਇਕ ਵੀ ਦਿੱਲੀ ਵਿਚ ਲਾਗੂ ਨਹੀਂ ਕੀਤਾ। ਸੀਨੀਅਰ ਅਕਾਲੀ ਆਗੂ ਇਥੇ ਇਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੌਰਾਨ ਉਨ੍ਹਾਂ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਇਸ ਹਲਕੇ ‘ਚ ਮੁਹਿੰਮ ਆਪਣੇ ਹੱਥਾਂ ਵਿਚ ਲੈ ਲੈਣ ਤਾਂ ਜੋ ਉਹ ਅੰਮ੍ਰਿਤਸਰ ਪੂਰਬੀ ਜਾ ਸਕਣ ਤੇ ਹੰਕਾਰੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਸਬਕ ਸਿਖਾਉਣ ਦੀ ਵੋਟਰਾਂ ਦੀ ਇੱਛਾ ਪੂਰੀ ਕਰ ਸਕਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ 18 ਸਾਲਾਂ ਦੀ ਰਾਜਨੀਤੀ ਵਿਚ ਇਕ ਵੀ ਪ੍ਰਾਪਤੀ ਨਹੀਂ ਹੈ। ਉਨ੍ਹਾਂ ਕਿਹਾ ਕਿ 18 ਸਾਲਾਂ ਦੌਰਾਨ ਸਿੱਧੂ ਤੇ ਉਨ੍ਹਾਂ ਦੀ ਪਤਨੀ ਅਕਾਲੀ ਦਲ ਤੇ ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਦਾ ਹਿੱਸਾ ਰਹੇ ਪਰ ਉਨ੍ਹਾਂ ਅੰਮ੍ਰਿਤਸਰ ਪੂਰਬੀ ਲਈ ਕੱਖ ਨਹੀਂ ਕੀਤਾ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਲੋਕਾਂ ਨੇ ਅਪੀਲ ਕੀਤੀ ਕਿ ਇਥੋਂ ਚੋਣਾਂ ਲੜਨ ਅਤੇ ਇਸ ਹੰਕਾਰੀ ਤੇ ਆਪਣੇ ਵਾਸਤੇ ਹੀ ਕੰਮ ਕਰਨ ਵਾਲੇ ਨੂੰ ਸਬਕ ਸਿਖਾਉਣ। ਆਪ ਦੇ ਦਿੱਲੀ ਮਾਡਲ ਦੀ ਗੱਲ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਜਿਹਾ ਕੋਈ ਮਾਡਲ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਅਸਫਲਤਾਵਾਂ ਨਾਲ ਭਰੀ ਹੋਈ ਹੈ। ਉਹ ਦਿੱਲੀ ਦੇ ਲੋਕਾਂ ਨੁੰ ਪੀਣ ਵਾਲਾ ਪਾਣੀ ਵੀ ਪ੍ਰਦਾਨ ਨਹੀਂ ਕਰ ਸਕੀ। ਇਹ ਇਕ ਵੀ ਕਾਲਜ ਜਾਂ ਹਸਪਤਾਲ ਨਹੀਂ ਖੋਲ੍ਹ ਸਕੀ। ਇਸਨੇ ਸੱਤਾ ਵਿਚ ਹੁੰਦਿਆਂ ਕੇਵਲ 414 ਨੌਕਰੀਆਂ ਦਿੱਤੀਆਂ ਹਨ ਤੇ ਠੇਕੇ ’ਤੇ ਕੰਮ ਕਰਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਜੋ ਵਾਅਦੇ ਇਹ ਪੰਜਾਬ ਵਿਚ ਕਰ ਰਹੀ ਹੈ, ਉਹ ਦਿੱਲੀ ਵਿਚ ਲਾਗੂ ਨਹੀਂ ਕੀਤੇ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਕਿਵੇਂ ਮਾਸੂਮ ਜਿਹੇ ਬਣ ਕੇ ਇਹ ਆਖ ਰਹੇ ਹਨ ਕਿ ਉਨ੍ਹਾਂ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮ ਪੈਂਡਿੰਗ ਹੋਣ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹ ਕੇਜਰੀਵਾਲ ਹਨ ਜਿਹਨਾਂ ਨੇ ਤਿੰਨ ਵਾਰ ਪ੍ਰੋ. ਭੁੱਲਰ ਦੀ ਰਿਹਾਈ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਨ੍ਹਾਂ ਦੀ ਰਿਹਾਈ ਦੀ ਸਪਸ਼ਟ ਸਿਫਾਰਸ਼ ਕੀਤੀ ਗਈ ਸੀ। ਇਸ ਹਲਕੇ ਵਿਚ ਸਿਆਸੀ ਵਿਰੋਧੀਆਂ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਦੋ ਸਕੇ ਭਰਾ ਕਾਂਗਰਸ ਤੇ ਆਪ ਵੱਲੋਂ ਚੋਣਾਂ ਲੜ ਰਹੇ ਹਨ, ਉਸ ਤੋਂ ਉਹਨਾਂ ਦੀ ਆਪਣੀਆਂ ਪਾਰਟੀਆਂ ਪ੍ਰਤੀ ਸੰਜੀਦਗੀ ਸਾਬਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਆਪ ਤੇ ਕਾਂਗਰਸ ਵੱਲੋਂ ਰਲ ਕੇ ਖੇਡਣ ਦੀ ਰਣਨੀਤੀ ਦਾ ਹਿੱਸਾ ਹੈ।
ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਲੋਕ ਅੱਜ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਝੂਠੇ ਵਾਅਦੇ ਕਰ ਕੇ ਠੱਗ ਲਿਆ ਹੈ। ਉਨ੍ਹਾਂ ਨੂੰ ਪੂਰਨ ਕਰਜ਼ਾ ਮੁਆਫੀ ਜਾਂ ਘਰ ਘਰ ਨੌਕਰੀ, 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਜਾਂ ਮੋਬਾਈਲ ਫੋਨ ਆਦਿ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਤਾਂ ਕਮਜ਼ੋਰ ਵਰਗਾਂ ਨਾਲ ਵੀ ਬੁਢਾਪਾ ਪੈਨਸ਼ਨ 2100 ਰੁਪਏ ਕਰਨ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨ ਦਾ ਵਾਅਦਾ ਕਰ ਕੇ ਠੱਗੀ ਮਾਰੀ ਹੈ। ਇਨ੍ਹਾਂ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਐਸ ਸੀ ਵਰਗ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਐਸ ਸੀ ਸਕਾਲਰਸ਼ਿਪ ਨਾ ਦੇ ਕੇ ਤਬਾਹ ਕਰ ਦਿੱਤਾ।
ਸ. ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਲੜਨ ਤੋਂ ਰੋਕਣ ਲਈ ਲਗਾਈ ਪੂਰੀ ਵਾਹ ਬਾਰੇ ਵੀ ਗੱਲ ਕੀਤੀ ਤੇ ਦੱਸਿਆ ਕਿ ਜਦੋਂ ਦੋ ਡੀ ਜੀ ਪੀਜ਼ ਨੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਕਾਂਗਰਸ ਸਰਕਾਰ ਨੇ ਅਯੋਗ ਵਿਅਕਤੀ ਸਿਧਾਰਥ ਚਟੋਪਾਧਿਆਏ ਨੁੰ ਡੀ ਜੀ ਪੀ ਬਣਾ ਦਿੱਤਾ ਜਿਸਨੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਚਟੋਪਾਧਿਆਏ ਦੇ ਕਹਿਣ ’ਤੇ ਉਨ੍ਹਾਂ ਖਿਲਾਫ ਝੂਠਾ ਕੇਸ ਦਰਜ ਕਰ ਦਿੱਤਾ ਗਿਆ ਹੈ ਪਰ ਅਫਸਰ ਨੂੰ ਹੁਣ ਕਈ ਗੱਲਾਂ ਦੇ ਜਵਾਬ ਦੇਣਗੇ ਪੈਣਗੇ ਕਿਉਂਕਿ ਉਸਦੀਆਂ ਆਡੀਓ ਟੇਪਾਂ ਲੀਕ ਹੋ ਗਈਆਂ ਹਨ ਜਿਨ੍ਹਾਂ ਵਿਚ ਉਹ ਇਕ ਭਗੌੜੇ ਤੇ ਨਸ਼ਾ ਤਸਕਰ ਤੋਂ ਹੁਕਮ ਲੈਂਦੇ ਫੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਚਟੋਪਾਧਿਆਏ ਨੁੰ ਆਪਣੇ ਗੁਨਾਹਾਂ ਕਾਰਨ ਜੇਲ੍ਹ ਜਾਣਾ ਪਵੇਗਾ।