ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕਰ ਲਈ ਹੈ। ਉਨ੍ਹਾਂ ਨੇ ਕਰੀਬ 8100 ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਮਾਤ ਦਿੱਤੀ ਹੈ। ਚੋਣਾਂ ‘ਚ ਜਿੱਤ ਦੇ ਰੁਝਾਨ ਵੇਖਦਿਆਂ ਉਨ੍ਹਾਂ ਫੇਸਬੁੱਕ ‘ਤੇ ਲਿਖਿਆ- ‘ਧੰਨਵਾਦ ਸੰਗਰੂਰ ਵਾਲਿਓ’।
ਇਸ ਮਗਰੋਂ ਜੇਤੂ ਐਲਾਨੇ ਜਾਣ ਮਗਰੋਂ ਉਨ੍ਹਾਂ ਟਵੀਟ ਕਰਕੇ ਕਿਹਾ, “ਮੈਂ ਸੰਗਰੂਰ ਦੇ ਵੋਟਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਵਿੱਚ ਆਪਣੇ ਨੁਮਾਇੰਦੇ ਵਜੋਂ ਚੁਣਿਆ। ਮੈਂ ਆਪਣੇ ਹਲਕੇ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਹਰ ਕਿਸੇ ਦੇ ਦੁੱਖਾਂ ਨੂੰ ਦੂਰ ਕਰਨ ਲਈ ਸਖ਼ਤ ਮਿਹਨਤ ਕਰਾਂਗਾ।”
ਦੱਸ ਦੇਈਏ ਕਿ ਸਿਮਨਰਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿੱਚ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਦਾ ਕਿਲ੍ਹਾ ਢਹਿ-ਢੇਰੀ ਹੋ ਗਿਆ। ਉਰਹ ਇਥੋਂ ਲਗਾਤਾਰ ਦੋ ਵਾਰ ਲੋਕ ਸਭਾ ਦੇ ਸਾਂਸਦ ਚੁਣੇ ਗਏ ਸਨ, ਹਾਲਾਂਕਿ ਹੁਣ ਉਹ ਇਸ ਸੀਟ ਨੂੰ ਬਚਾ ਨਹੀਂ ਸਕੇ। ਇਸ ਹਾਰ ਨਾਲ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਹੁਣ ਕੋਈ ਸਾਂਸਦ ਨਹੀਂ ਹੈ।
ਉਥੇ ਹੀ ਤੀਜੇ ਨੰਬਰ ‘ਤੇ ਕਾਂਗਰਸ ਦੇ ਦਲਵੀਰ ਗੋਲਡੀ ਹਨ, ਚੌਥੇ ਨੰਬਰ ‘ਤੇ ਭਾਜਪਾ ਦੇ ਕੇਵਲ ਢਿੱਲੋਂ ਤੇ ਪੰਜਵੇਂ ਨੰਬਰ ‘ਤੇ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਰਾਜੋਆਣਾ ਹਨ। ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਨਹੀਂ ਬਚ ਸਕੀ।
ਵੀਡੀਓ ਲਈ ਕਲਿੱਕ ਕਰੋ -: