ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਿਰਫ 8 ਦਿਨਾਂ ਦਾ ਹੀ ਸਮਾਂ ਬਚਿਆ ਹੈ। ਚੋਣਾਂ ਦੇ ਮੱਦੇਨਜ਼ਰ ਨਵੇਂ-ਨਵੇਂ ਮਸ਼ਹੂਰ ਚਿਹਰੇ ਸਿਆਸੀ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਦੌਰਾਨ ਖਬਰ ਹੈ ਕਿ ਮਸ਼ਹੂਰ ਗਾਇਕ ਜੱਸੀ ਜਸਰਾਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਦੇ ਵੱਡੇ ਭਾਜਪਾ ਆਗੂਆਂ ਦੀ ਅਗਵਾਈ ਵਿਚ ਜੱਸੀ ਨੇ ਪਾਰਟੀ ਜੁਆਇਨ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੌਬੀ ਧਾਲੀਵਾਲ ਤੇ ਮਾਹੀ ਗਿੱਲ, ਰੈਸਲਰ ਦਿ ਗ੍ਰੇਟ ਖਲੀ ਦਲੀਪ ਸਿੰਘ ਵੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਚੋਣ ਆਈਕਨ ਹੌਬੀ ਧਾਲੀਵਾਲ ਵੱਲੋਂ ਬੀਤੇ ਦਿਨੀਂ ਇੱਕ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਸੀ। ਜਿਸ ਉਪਰੰਤ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹੌਬੀ ਧਾਲੀਵਾਲ ਤੋਂ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਵਾਪਸ ਲੈ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਗੌਰਤਲਬ ਹੈ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਢੀਂਡਸਾ ਦੀ ਪਾਰਟੀ ਨਾਲ ਗਠਜੋੜ ਕਰ ਕੇ ਚੋਣ ਮੈਦਾਨ ਵਿੱਚ ਉਤਰੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਵਿੱਚ ਰੈਲੀ ਕਰਨ ਜਾ ਰਹੇ ਹਨ। ਇਸ ਦੌਰਾਨ ਪੀਐੱਮ ਮੋਦੀ ਭਾਜਪਾ ਵਰਕਰਾਂ ਨਾਲ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਕੁਝ ਹਲਕਿਆਂ ਲਈ ਬੁੱਧਵਾਰ ਨੂੰ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ ਸੀ।
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣਾਂ ਲਈ ਪਹਿਲਾਂ 14 ਫਰਵਰੀ ਦਾ ਦਿਨ ਨਿਰਧਾਰਿਤ ਕੀਤਾ ਗਿਆ ਸੀ, ਪਰ ਸਿਆਸੀ ਪਾਰਟੀਆਂ ਵੱਲੋਂ ਬੇਨਤੀ ਕਰਨ ‘ਤੇ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਤਰੀਕ ਨੂੰ ਵਧਾ ਕੇ 20 ਫਰਵਰੀ ਕਰ ਦਿੱਤੀ ਗਈ। ਇਨ੍ਹਾਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।