ਭਾਰਤੀ ਜਨਤਾ ਪਾਰਟੀ ਨੇ ਪੰਜਾਬ ਪੁਲਿਸ ‘ਤੇ ਆਪਣੇ ਨੇਤਾ ਤੇਜਿੰਦਰਪਾਲ ਬੱਗਾ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਦਲੇ ਦੀ ਰਾਜਨੀਤੀ ਕਰ ਰਹੇ ਹਨ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਖੁਦ ਇੱਕ ਸਿੱਖ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਇੱਕ ਸਿੱਖ ਦਾ ਅਪਮਾਨ ਕੀਤਾ ਗਿਆ ਹੈ।
ਪਾਰਟੀ ਦਫਤਰ ਵਿਚ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਦਾਅਵਾ ਕੀਤਾ ਕਿ ਬੱਗਾ ਨੇ ਕੇਜਰੀਵਾਲ ਦੇ ਝੂਠ ਨੂੰ ਬੇਨਕਾਬ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦਿੱਲੀ ਭਾਜਪਾ ਦੀ ਇੱਕ ਹੋਰ ਨੇਤਾ ਨੂਪੁਰ ਸ਼ਰਮਾ ਨੇ ਅਦਾਲਤ ਦੇ ਇੱਕ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਸੂਬੇ ਦੀ ਪੁਲਿਸ ਦੂਜੇ ਸੂਬੇ ਵਿਚ ਜੇਕਰ ਉਸ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਸਥਾਨਕ ਪੁਲਿਸ ਨੂੰ ਇਸ ਬਾਰੇ ਸੂਚਿਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਗਾ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੀ ਕਾਰਵਾਈ ਗੈਰ-ਕਾਨੂੰਨੀ ਸੀ ਕਿਉਂਕਿ ਉਸ ਨੇ ਦਿੱਲੀ ਪੁਲਿਸ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਸੀ।
ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਬੱਗਾ ਨੂੰ ਪਿਛਲੇ ਮਹੀਨੇ ਮੋਹਾਲੀ ਵਿਚ ਉਨ੍ਹਾਂ ਖਿਲਾਫ ਦਰਜ ਮਾਮਲੇ ਦੇ ਸਿਲਸਿਲੇ ਵਿਚ ਰਾਜਧਾਨੀ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਹੈ।
ਪਰ ਜਦੋਂ ਬੱਗਾ ਨੂੰ ਮੋਹਾਲੀ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਰੂਕਸ਼ੇਤਰ ਵਿਚ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਬਾਅਦ ਵਿਚ ਹਰਿਆਣਾ ਪੁਲਿਸ ਵੱਲੋਂ ਬੱਗਾ ਨੂੰ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਤੇ ਪੰਜਾਬ ਪੁਲਿਸ ਖਾਲੀ ਹੱਥ ਰਹਿ ਗਈ।
ਗੌਰਤਲਬ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਮਹੀਨੇ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਬੜ੍ਹਾਵਾ ਦੇਣ ਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਵਿਚ ਬੱਗਾ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਮੋਹਾਲੀ ਵਿਚ ਰਹਿਣ ਵਾਲੇ ਸੰਨੀ ਆਹਲੂਵਾਲੀਆ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਇਹ ਮਾਮਲਾ ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: