ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਐਤਵਾਰ ਸ਼ਾਮ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ 8 ਘੰਟੇ ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਗਿਆ ਹੈ ਕਿ ਆਬਕਾਰੀ ਵਿਭਾਗ ਦੇ ਇੱਕ ਆਈਏਐਸ ਅਧਿਕਾਰੀ ਨੇ ਸੀਬੀਆਈ ਜਾਂਚ ਵਿੱਚ ਸਿਸੋਦੀਆ ਦਾ ਨਾਮ ਲਿਆ ਸੀ।
ਅਧਿਕਾਰੀ ਨੇ ਕਿਹਾ ਕਿ ਸਿਸੋਦੀਆ ਨੇ ਅਜਿਹੀ ਸ਼ਰਾਬ ਨੀਤੀ ਬਣਾਈ ਸੀ, ਜਿਸ ਨਾਲ ਸਰਕਾਰ ਨੂੰ ਫਾਇਦਾ ਨਾ ਹੋਵੇ, ਵਪਾਰੀਆਂ ਨੂੰ ਵੱਡਾ ਫਾਇਦਾ ਹੋਵੇ। ਇਸ ਬਿਆਨ ਦੇ ਆਧਾਰ ‘ਤੇ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ।
ਸੂਤਰਾਂ ਦੀ ਮੰਨੀਏ ਤਾਂ ਜਦੋਂ ਸੀਬੀਆਈ ਨੇ ਸਿਸੋਦੀਆ ਅਤੇ ਆਹਮੋ-ਸਾਹਮਣੇ ਬੈਠੇ ਅਧਿਕਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਹ ਸਿਸੋਦੀਆ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ। ਸਿਸੋਦੀਆ ਨੂੰ ਸੋਮਵਾਰ ਦੁਪਹਿਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਹੋਵੇਗਾ। ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੀਬੀਆਈ ਨੇ ਪਿਛਲੇ ਸਾਲ 19 ਅਗਸਤ ਨੂੰ ਮਨੀਸ਼ ਸਿਸੋਦੀਆ ਸਣੇ 15 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਇਸ ਵਿੱਚ ਤਤਕਾਲੀ ਆਬਕਾਰੀ ਕਮਿਸ਼ਨਰ ਸਮੇਤ ਤਿੰਨ ਅਧਿਕਾਰੀ, ਦੋ ਕੰਪਨੀਆਂ ਅਤੇ ਨੌਂ ਕਾਰੋਬਾਰੀ ਸ਼ਾਮਲ ਸਨ। ਸੀਬੀਆਈ ਨੇ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ।
ਦਰਅਸਲ 8 ਜੁਲਾਈ 2022 ਨੂੰ ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਰਿਪੋਰਟ ਭੇਜੀ ਸੀ। ਇਸ ਵਿਚ ਆਬਕਾਰੀ ਮੰਤਰੀ ਸਿਸੋਦੀਆ ‘ਤੇ ਉਪ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਨਵੀਂ ਆਬਕਾਰੀ ਨੀਤੀ ਬਣਾ ਕੇ ਧੋਖੇ ਨਾਲ ਪੈਸਾ ਕਮਾਉਣ ਦਾ ਦੋਸ਼ ਲਗਾਇਆ ਗਿਆ ਸੀ।
ਰਿਪੋਰਟ ਮੁਤਾਬਕ ਕੋਰੋਨਾ ਦੇ ਸਮੇਂ ਸ਼ਰਾਬ ਵਿਕਰੇਤਾਵਾਂ ਨੇ ਲਾਇਸੈਂਸ ਫੀਸ ਮੁਆਫੀ ਲਈ ਦਿੱਲੀ ਸਰਕਾਰ ਕੋਲ ਪਹੁੰਚ ਕੀਤੀ ਸੀ। ਸਰਕਾਰ ਨੇ 28 ਦਸੰਬਰ ਤੋਂ 27 ਜਨਵਰੀ ਤੱਕ ਲਾਇਸੈਂਸ ਫੀਸ ਵਿੱਚ 24.02 ਫੀਸਦੀ ਦੀ ਛੋਟ ਦਿੱਤੀ ਸੀ। ਇਸ ਨਾਲ ਸਰਕਾਰੀ ਖਜ਼ਾਨੇ ਨੂੰ 144.36 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਗਵਰਨਰ ਖਿਲਾਫ਼ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਬਜਟ ਸੈਸ਼ਨ ਦੀ ਮਨਜ਼ੂਰੀ ਨਾਲ ਮਿਲਣ ‘ਤੇ ਐਕਸ਼ਨ
ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਮਨੀਸ਼ ਬੇਕਸੂਰ ਹਨ। ਉਨ੍ਹਾਂ ਦੀ ਗ੍ਰਿਫਤਾਰੀ ਗੰਦੀ ਸਿਆਸਤ ਹੈ। ਮਨੀਸ਼ ਦੀ ਗ੍ਰਿਫਤਾਰੀ ਨਾਲ ਲੋਕਾਂ ਵਿੱਚ ਬਹੁਤ ਗੁੱਸਾ ਹੈ। ਲੋਕ ਸਭ ਵੇਖ ਰਹੇ ਹਨ। ਲੋਕਾਂ ਨੂੰ ਸਮਝ ਆ ਰਿਹਾ ਹੈ। ਲੋਕ ਇਸ ਦਾ ਜਵਾਬ ਦੇਣਗੇ। ਇਸ ਨਾਲ ਸਾਡੇ ਹੌਂਸਲੇ ਹੋਰ ਵਧਣਗੇ। ਸਾਡਾ ਸੰਘਰਸ਼ ਮਜ਼ਬੂਤ ਹੋਵੇਗਾ।
ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਘਰ ਪਹੁੰਚੇ। ਉਹ ਸਿਸੋਦੀਆ ਦੀ ਮਾਂ ਅਤੇ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸਮੁੱਚੀ ਪਾਰਟੀ ਸੰਘਰਸ਼ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਸਿਸੋਦੀਆ ਨੇ ਸਵੇਰੇ ਟਵੀਟ ਕੀਤਾ ਸੀ ਕਿ ਮੇਰੇ ਪਰਿਵਾਰ ਦਾ ਧਿਆਨ ਰੱਖੋ। ਇਸ ‘ਤੇ ਕੇਜਰੀਵਾਲ ਨੇ ਲਿਖਿਆ- ਮਨੀਸ਼ ਚਿੰਤਾ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -: