ਅੰਮ੍ਰਿਤਸਰ ਦੀ ਬਿਆਸ ਥਾਣਾ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕਈ ਬਦਨਾਮ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੇ ਕਬਜ਼ੇ ਤੋਂ ਸੱਤ ਪਿਸਤੌਲਾਂ, 6 ਰਾਈਫਲ, ਇੱਕ ਸਪ੍ਰਿੰਗ ਰਾੱਫਲ, 14 ਮੈਗਜ਼ੀਨ ਤੇ 121 ਕਾਰਤੂਸ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਹਨ। ਸੂਚਨਾਂ ਤੋਂ ਬਾਅਦ ਪੁਲਿਸ ਨੇ ਬਿਆਸ ਇਲਾਕਾ ਦੇ ਇੱਕ ਢਾਬੇ ‘ਤੇ ਦਬਿਸ਼ ਕਰਕੇ 16 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਇਨ੍ਹਾਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿਹਾਤ ਪੁਲਿਸ ਦੇ ਐੱਸ.ਪੀ. (ਡੀ.) ਮਨੋਜ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿਆਸ ਇਲਾਕੇ ਵਿੱਚ ਜੀਟੀ ਰੋਡ ‘ਤੇ ਕਲਾਨੋਰੀ ਢਾਬੇ ‘ਤੇ ਵੱਡੀ ਗਿਣਤੀ ਵਿੱਚ ਗੈਰ-ਸਮਾਜਿਕ ਅਨਸਰ ਇਕੱਠੇ ਹੋਏ ਹਨ, ਜੋ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਸੂਚਨਾ ਸੀ ਕਿ ਢਾਬੇ ‘ਤੇ ਇਕੱਠੇ ਹੋਏ ਇਹ ਲੋਕ ਹਥਿਆਰਾਂ ਦੇ ਦਮ ‘ਤੇ ਨਾਜਾਇਜ਼ ਕਬਜ਼ਾ ਦਿਵਾਉਣ ਦਾ ਕੰਮ ਕਰਦੇ ਹਨ। ਇਸ ਮਗਰੋਂ ਬਿਆਸ ਥਾਣਾ ਦੇ ਇੰਸਪੈਕਟਰ ਬਲਕਾਰ ਸਿੰਘ ਨੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਢਾਬੇ ‘ਤੇ ਦਬਿਸ਼ ਕੀਤੀ ਤੇ 16 ਲੋਕਾਂ ਨੂੰ ਕਾਬੂ ਕੀਤਾ।
ਐੱਸ.ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਕਈ ਨਾਮੀ ਗੈਂਗਸਟਰ ਹਨ। ਫੜੇ ਗਏ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਦੋਨੀ ਵਾਸੀ ਪੱਟੀ ਬਲੌਰ, ਪੱਤੀ ਗੋਪੀ ਕੀ ਦੇ ਗੁਰਦੀਪ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਵਾਸੀ ਪੱਟੀ ਗੋਪੀ, ਪ੍ਰਭਜੋਤ ਸਿੰਘ ਵਾਸੀ ਸ਼ੇਰੋ ਬਾਘਾ, ਜਰਮਨਜੀਤ ਸਿੰਘ ਵਾਸੀ ਵੈਰੋਵਾਲ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਜਵੰਦਪੁਰ, ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਦੇ ਮਨਪ੍ਰੀਤ ਸਿੰਘ, ਟਾਂਗਰਾ ਦੇ ਗਗਨਦੀਪ ਸਿੰਘ, ਥਾਣਾ ਮਹਿਤਾ ਦੇ ਪਿੰਡ ਧਰਦੇਓ ਦੇ ਮਨਜਿੰਦਰ ਸਿੰਘ, ਵੈਰੋਵਾਲ ਥਾਣੇ ਦੇ ਪਿੰਡ ਫਾਜ਼ਲਪੁਰ ਦੇ ਰੁਪਿੰਦਰ ਸਿੰਘ, ਬਿਆਸ ਥਾਣੇ ਦੇ ਪਿੰਡ ਕੋਟ ਮਹਿਤਾਬ ਦੇ ਨਵਦੀਪ ਸਿੰਘ, ਪਿੰਡ ਬੱਲ ਸਰਾਂ ਦੇ ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ ਵਾਸੀ ਵੇਰਕਾ, ਮਾਨਾਂਵਾਲਾ ਕਲਾਂ ਨਿਵਾਸੀ ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਵਾਸੀ ਕੋਟਲਾ ਬੱਬੂਨਗਰ ਅਤੇ ਵਿਜੇ ਵਾਸੀ ਅਬੋਹਰ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਬਿਆਸ ਥਾਣਾ ਇੰਚਾਰਜ ਇੰਸਪੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 16 ਲੋਕਾਂ ਵਿੱਚੋਂ ਕਈ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਕੇਸ ਦਰਜ ਹਨ। ਬਲਵਿੰਦਰ ਸਿੰਘ ਡੋਨੀ ਖਿਲਾਫ ਤਾਂ ਇਕੱਲੇ ਐੱਸ.ਐੱਸ.ਓ.ਸੀ. ਥਾਣੇ ਵਿੱਚ ਹੀ ਵੱਖ-ਵੱਖ ਧਾਰਾਵਾਂ ਵਿੱਚ ਪੰਜ ਕੇਸ ਦਰਜ ਹਨ, ਜਦਕਿ ਇੱਕ ਕੇਸ ਬਿਆਸ ਥਾਣੇ ਵਿੱਚ ਦਰਜ ਹੈ। ਇਹ ਕੇਸ ਕਤਲ ਦੀ ਕੋਸ਼ਿਸ਼, ਅਗਵਾ ਤੇ ਲੁੱਟ ਆਦਿ ਦੇ ਹਨ। ਇਸ ਤੋਂ ਇਲਾਵਾ ਸ਼ੇਰੋ ਬਾਘਾ ਦੇ ਪ੍ਰਭਜੋਤ ਸਿੰਘ ਖਿਲਾਫ ਬਿਆਸ ਥਾਣੇ ਵਿੱਚ ਤਿੰਨ ਅਪਰਾਧਕ ਮਾਮਲੇ, ਮਾਨਾਂਵਾਲਾ ਕਲਾਂ ਦੇ ਗੁਰਪ੍ਰੀਤ ਸਿੰਘ ਖਿਲਾਫ ਇੱਕ ਕੇਸ ਤੇ ਜਵੰਦਪੁਰ ਦੇ ਜਰਮਨਜੀਤ ਸਿੰਘ ਖਿਲਾਫ ਕੇਸ ਦਰਜ ਹਨ।